ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਕੀਤਾ ਟਵੀਟ, ਪੁਲਸ ਅਫ਼ਸਰਾਂ ਨੂੰ ਦਿੱਤੀ ਇਹ ਸਲਾਹ
Friday, Oct 15, 2021 - 06:34 PM (IST)
ਚੰਡੀਗੜ੍ਹ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਪੁਲਸ ਅਫ਼ਸਰਾਂ ਤੇ ਦੂਸਰੇ ਪ੍ਰਸ਼ਾਸਨਿਕ ਮਹਿਕਮਿਆਂ ਦੇ ਸਾਥੀਆਂ ਨੂੰ ਇਕ ਸਲਾਹ ਦਿੱਤੀ ਹੈ। ਮੁਸਤਫ਼ਾ ਨੇ ਆਪਣੇ ਸਾਰੇ ਪੁਰਾਣੇ ਪੁਲਸ ਤੇ ਦੂਜੇ ਪ੍ਰਸ਼ਾਸਨਿਕ ਮਹਿਕਮਿਆਂ ਦੇ ਸਾਥੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ 2022 ਤੋਂ ਬਾਅਦ ਪੰਜਾਬ ’ਚ ਸਰਕਾਰ ਕਿਸ ਦੀ ਹੋਵੇਗੀ, ਬਾਰੇ ਅੰਦਾਜ਼ੇ ਲਾਉਣੇ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣ, ਕਿਤੇ ਇਹ ਨਾ ਹੋਵੇ ਕਿ ਅਜਿਹੇ ਅੰਦਾਜ਼ੇ ਲਾਉਂਦਿਆਂ ਕਿਸੇ ਨਵੀਂ ਮੁਸੀਬਤ ’ਚ ਫਸ ਜਾਣ । ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਅਜਿਹੇ ਅਫ਼ਸਰ ਹਨ, ਜਿਨ੍ਹਾਂ ਨੂੰ ਇਲਾਹੀ ਬਖ਼ਸ਼ ਹੈ ਕਿ ਉਹ ਆਲੂ ਵਾਂਗ ਹਰ ਸਬਜ਼ੀ ’ਚ ਫਿੱਟ ਹੋ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਤੁਹਾਡੇ ’ਚੋਂ ਜ਼ਿਆਦਾਤਰ ਬਹੁਤ ਸਨਮਾਨਿਤ ਹਨ, ਜੋ ਆਪਣੀ ਜ਼ਮੀਰ ਤੇ ਆਤਮਾ ਦਾ ਸੌਦਾ ਨਹੀਂ ਕਰਨਗੇ। ਤੁਸੀਂ ਮੇਰੇ ’ਤੇ ਭਰੋਸਾ ਕਰੋ, ਇਹੋ ਜਿਹੇ ਮੌਕਾਪ੍ਰਸਤ, ਬੇਜ਼ਮੀਰ ਅਫ਼ਸਰਾਂ ਦਾ ਜਲਦ ਹੀ ਵਹਿਮ ਦੂਰ ਹੋ ਜਾਵੇਗਾ ਕਿਉਂਕਿ 2022 ’ਚ ਸਾਡੀ ਹੀ ਸਰਕਾਰ ਹੋਰ ਵੀ ਭਾਰੀ ਬਹੁਮਤ ਨਾਲ ਆ ਰਹੀ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਮੁਸਤਫ਼ਾ ਆਪਣੇ ਟਵੀਟਸ ਕਾਰਨ ਅਕਸਰ ਸੁਰਖੀਆਂ ’ਚ ਰਹਿੰਦੇ ਹਨ। ਬੀਤੇ ’ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਟਵੀਟ ਕਰ ਕੇ ਵੱਡੇ ਹਮਲੇ ਕੀਤੇ ਸਨ।