ਅਸਤੀਫ਼ਾ ਦੇਣ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਪ੍ਰਧਾਨਗੀ ਛੱਡਣ ਪਿੱਛੇ ਕੀਤਾ ਵੱਡਾ ਖ਼ੁਲਾਸਾ

09/29/2021 12:41:21 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਉਹ ਪੰਜਾਬ ਦੇ ਮੁੱਦਿਆਂ ’ਤੇ ਕਿਸੇ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਵੀਡੀਓ ਜਾਰੀ ਕਰਦਿਆਂ ਸਿੱਧੂ ਨੇ ਆਖਿਆ ਕਿ ਉਨ੍ਹਾਂ 17 ਸਾਲ ਦਾ ਸਿਆਸੀ ਸਫ਼ਰ ਇਕ ਮਕਸਦ ਨਾਲ ਕੀਤਾ ਹੈ। ਮੁੱਦਿਆਂ ਦੀ ਸਿਆਸਤ ’ਤੇ ਸਟੈਂਡ ਲੈ ਕੇ ਖੜਨਾ ਮੇਰਾ ਮਕਸਦ ਹੈ। ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ। ਮੇਰੀ ਲੜਾਈ ਮੁੱਦਿਆਂ ਦੀ ਅਤੇ ਮਸਲਿਆਂ ਦੀ ਹੈ। ਪੰਜਾਬ ਦੇ ਏਜੰਡੇ ਲਈ ਮੈਂ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹਾਂ ਅਤੇ ਲੜਦਾ ਰਹਾਂਗਾ। ਮੇਰੇ ਲਈ ਅਹੁਦਿਆਂ ਦਾ ਕੋਈ ਮਾਇਨਾ ਨਹੀਂ ਹੈ। ਸਿੱਧੂ ਨੇ ਕਿਹਾ ਕਿ ਮੇਰੇ ਪਿਤਾ ਨੇ ਕਿਹਾ ਸੀ ਕਿ ਕੋਈ ਵੀ ਸਮਾਂ ਹੋਵੇ ਸੱਚ ਦੀ ਰਾਹ ਨਹੀਂ ਛੱਡਣੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ’ਚ ਇਕ ਹੋਰ ਵੱਡਾ ਧਮਾਕਾ

ਸਿੱਧੂ ਨੇ ਕਿਹਾ ਕਿ ਜਿਨ੍ਹਾਂ ਨੇ ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਉਨ੍ਹਾਂ ਨੂੰ ਹੁਣ ਜ਼ਿੰਮੇਵਾਰੀ ਦਿੱਤੀਆਂ ਜਾ ਰਹੀਆਂ ਹਨ, ਇਹ ਦੇਖ ਕੇ ਮੇਰੀ ਰੂਹ ਕੁਰਲਾਉਂਦੀ ਹੈ, ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਸ ਨੂੰ ਏ. ਜੀ. ਲਗਾਇਆ ਗਿਆ ਹੈ। ਇਥੇ ਹੀ ਬਸ ਨਹੀਂ ਸਿੱਧੂ ਨੇ ਕਿਹਾ ਕਿ ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸਨ, ਉਨ੍ਹਾਂ ਦੇ ਮਸਲੇ ਹੁਣ ਕਿੱਥੇ ਗਏ ਹਨ? ਕੀ ਇਨ੍ਹਾਂ ਸਾਧਨਾਂ ਨਾਲ ਅਸੀਂ ਆਪਣੇ ਮੁਕਾਮ ਤੱਕ ਪਹੁੰਚ ਸਕਾਂਗੇ। ਮੈਂ ਨਾ ਹਾਈਕਮਾਨ ਨੂੰ ਗੁੰਮਰਾਹ ਕਰ ਸਕਦਾ ਹਾਂ ਅਤੇ ਨਾ ਹੀ ਹੋਣ ਦੇ ਸਕਦਾ ਹਾਂ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਵੱਡਾ ਖ਼ੁਲਾਸਾ, ਕਿਹਾ ਆਪਰੇਸ਼ਨ ਇਨਸਾਫ ਹੋਇਆ ਪੂਰਾ

ਅੱਗੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਗੁਰੂ ਦੇ ਇਨਸਾਫ ਲਈ ਅਤੇ ਪੰਜਾਬ ਦੀ ਬਿਹਤਰੀ ਦੀ ਲੜਾਈ ਲਈ ਉਹ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਣ ਲਈ ਤਿਆਰ ਹਨ ਪਰ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਸਿੱਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਾਗੀ ਲੀਡਰਾਂ ਅਤੇ ਦਾਗੀ ਅਫਸਰਾਂ ਦਾ ਸਿਸਟਮ ਇਸ ਲਈ ਭੰਨਿਆ ਸੀ ਤਾਂ ਜੋ ਬਿਹਤਰ ਸਰਕਾਰ ਬਣ ਪਰ ਦੋਬਾਰਾ ਫਿਰ ਉਨ੍ਹਾਂ ਨੂੰ ਲਿਆ ਕੇ ਖੜ੍ਹਾ ਨਹੀਂ ਕੀਤਾ ਜਾ ਸਕਦਾ। ਮੈਂ ਇਸ ਦਾ ਵਿਰੋਧ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਵੱਡੇ ਅਫਸਰਾਂ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਿਨ੍ਹਾਂ ਨੇ ਮਾਂਵਾਂ ਦੀਆਂ ਕੁੱਖਾਂ ਰੋਲ ਦਿੱਤੀਆਂ ਉਨ੍ਹਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ। ਇਹ ਮੈਨੂੰ ਬਰਦਾਸ਼ਤ ਨਹੀਂ ਭਾਵੇਂ ਕੁੱਝ ਵੀ ਹੋ ਜਾਵੇ। ਪੰਜਾਬ ਨੂੰ ਬਚਾਉਣ ਲਈ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦਾ ਹਾਂ।

ਇਹ ਵੀ ਪੜ੍ਹੋ : ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਮਾਮਲੇ ’ਚ ਨਵਜੋਤ ਸਿੱਧੂ ’ਤੇ ਭਾਰੀ ਪਏ ਚਰਨਜੀਤ ਚੰਨੀ

ਨੋਟ - ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News