ਰਾਹੁਲ ਨਾਲ ਨਹੀਂ ਹੋਈ ਮੁਲਾਕਾਤ, ਤਿੰਨ ਦਿਨ ਬਾਅਦ ਬੇਰੰਗ ਪਰਤੇ ਨਵਜੋਤ ਸਿੱਧੂ

Saturday, Jun 22, 2019 - 06:38 PM (IST)

ਰਾਹੁਲ ਨਾਲ ਨਹੀਂ ਹੋਈ ਮੁਲਾਕਾਤ, ਤਿੰਨ ਦਿਨ ਬਾਅਦ ਬੇਰੰਗ ਪਰਤੇ ਨਵਜੋਤ ਸਿੱਧੂ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਬੀਤੇ ਤਿੰਨ ਦਿਨਾਂ ਤਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮਿਲਣ ਲਈ ਦਿੱਲੀ 'ਚ ਡਟੇ ਰਹੇ ਪਰ ਰਾਹੁਲ ਗਾਂਧੀ ਵਲੋਂ ਕੋਈ ਬੁਲਾਵਾ ਨਾ ਆਉਣ 'ਤੇ ਉਹ ਵੀਰਵਾਰ ਰਾਤ ਵਾਪਸ ਪਰਤ ਆਏ। ਇਸ ਦੌਰਾਨ, ਚੰਡੀਗੜ੍ਹ ਵਿਚ ਸਿੱਧੂ ਦੇ ਆਵਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਅਜੇ ਚੰਡੀਗੜ੍ਹ ਨਹੀਂ ਪਰਤੇ ਅਤੇ ਉਹ ਅਜੇ ਵੀ ਦਿੱਲੀ 'ਚ ਹੀ ਹਨ। ਉਧਰ ਅੱਧਾ ਮਹੀਨਾ ਗੁਜ਼ਰਨ ਦੇ ਬਾਵਜੂਦ ਵੀ ਅਜੇ ਤਕ ਸਿੱਧੂ ਨੇ ਬਿਜਲੀ ਮਹਿਕਮੇ ਦਾ ਕਾਰਜਭਾਰ ਵੀ ਨਹੀਂ ਸੰਭਾਲਿਆ ਹੈ। 

10 ਜੂਨ ਨੂੰ ਨਵਜੋਤ ਸਿੱਧੂ ਪ੍ਰਿਯੰਕਾ ਗਾਂਧੀ ਅਤੇ ਅਹਿਮਦ ਪਟੇਲ ਦੀ ਮੌਜੂਦਗੀ 'ਚ ਰਾਹੁਲ ਗਾਂਧੀ ਨੂੰ ਮਿਲੇ ਸਨ। ਸਿੱਧੂ ਨੇ ਲਿਖਤ ਤੌਰ 'ਤੇ ਆਪਣਾ ਪੱਖ ਉਨ੍ਹਾਂ ਦੇ ਸਾਹਮਣੇ ਰੱਖਿਆ ਸੀ। ਉਸ ਬੈਠਕ ਵਿਚ ਪਟੇਲ ਨੂੰ ਇਸ ਗੱਲ ਦਾ ਜ਼ਿੰਮਾ ਸੌਂਪਿਆ ਗਿਆ ਸੀ ਕਿ ਪੰਜਾਬ ਵਿਚ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਖੱਟਾਸ ਨੂੰ ਘੱਟ ਕੀਤਾ ਜਾਵੇ। ਹਾਲ ਹੀ ਵਿਚ ਸਿੱਧੂ ਨੂੰ ਦਿੱਲੀ ਬੁਲਾ ਕੇ ਪਾਰਟੀ ਦੇ ਕੰਮ-ਕਾਜ ਨਾਲ ਜੋੜਨ ਦੀਆ ਖਬਰਾਂ ਵੀ ਆਈਆਂ ਸਨ। ਸੂਤਰਾਂ ਮੁਤਾਬਕ ਇਸ ਪ੍ਰਸਤਾਅ ਤੋਂ ਸਿੱਧੂ ਨੇ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਮਾਮਲਾ ਫਿਰ ਉਲਝ ਗਿਆ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਰਾਹੁਲ ਨਾਲ ਮਿਲ ਕੇ ਆਪਣੀ ਭੂਮਿਕਾ ਸਪੱਸ਼ਟ ਕਰਨਾ ਚਾਹੁੰਦੇ ਸਨ ਪਰ ਸ਼ਾਇਦ ਉਹ ਖੁਦ ਆਪਣੀ ਭੂਮਿਕਾ 'ਤੇ ਸਪੱਸ਼ਟ ਨਹੀਂ ਹਨ। ਫਿਲਹਾਲ ਹੁਣ ਰਾਹੁਲ ਦੇ ਦਰਬਾਰ ਤੋਂ ਸਿੱਧੂ ਦੇ ਬੇਰੰਗ ਪਰਤਣ ਦੀਆਂ ਖਬਰਾਂ ਆ ਰਹੀਆਂ ਹਨ, ਸੂਬਾ ਕਾਂਗਰਸ 'ਚ ਚੋਟੀ ਦੇ ਲੀਡਰਾਂ ਵਿਚਾਲੇ ਪੈਦਾ ਹੋਇਆ ਵਿਵਾਦ ਹੁਣ ਕਿਸੇ ਪਾਸੇ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


author

Gurminder Singh

Content Editor

Related News