ਨਵਜੋਤ ਸਿੱਧੂ ਤੋਂ ਬਾਅਦ ਪਰਗਟ ਸਿੰਘ ਨੇ ਵੀ ਖੋਲ੍ਹਿਆ ਮੋਰਚਾ, ਕੈਪਟਨ ’ਤੇ ਦਿੱਤਾ ਵੱਡਾ ਬਿਆਨ
Monday, May 03, 2021 - 12:12 PM (IST)
ਜਲੰਧਰ (ਰਮਨਦੀਪ ਸੋਢੀ)- ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ, ਜੋ ਜ਼ਿਆਦਾਤਰ ਆਪਣੀ ਸਰਕਾਰ ਦੀਆਂ ਖਾਮੀਆਂ ਬਾਰੇ ਮੀਟਿਗਾਂ ਦੇ ਅੰਦਰ ਤੇ ਮੀਡੀਆ ’ਚ ਵੀ ਕਾਫੀ ਬੋਲਦੇ ਹਨ। ਬੀਤੇ ਸਮੇਂ ’ਚ ਉਨ੍ਹਾਂ ਨੇ ਚਿੱਠੀਆਂ ਦੇ ਰਾਹੀਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਮੀਨੀ ਹਕੀਕਤ ਤੋਂ ਜਾਣੂੰ ਕਰਵਾਇਆ ਪਰ ਪਰਨਾਲਾ ਉਥੇ ਦਾ ਉਥੇ ਹੀ ਖੜ੍ਹਾ ਹੈ। ਹੁਣ ਜਦੋਂ ਬੇਅਦਬੀ ਦੇ ਮਸਲੇ ’ਤੇ ਨਵਜੋਤ ਸਿੱਧੂ ਸਣੇ ਕੈਪਟਨ ਨੂੰ ਆਪਣੇ ਹੀ ਵਿਧਾਇਕਾਂ ਦਾ ਘੇਰਾ ਪਿਆ ਹੈ ਤਾਂ ਪਰਗਟ ਸਿੰਘ ਨੇ ਫਿਰ ਜਨਤਕ ਤੌਰ ’ਤੇ ਆਪਣਾ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ। ਪਰਗਟ ਮੰਨਦੇ ਨੇ ਕੈਪਟਨ ਨੂੰ ਕੁਝ ਚਮਚੇ ਵਿਧਾਇਕਾਂ ਨੇ ਗੁੰਮਰਾਹ ਕੀਤਾ ਹੋਇਆ ਹੈ, ਜੋ ਜ਼ਿਆਦਾਤਰ ਆਪਣੇ ਲਾਹੇ ਖਾਤਰ ਕੈਪਟਨ ਨੂੰ ਸੱਚ ਨਹੀਂ ਦੱਸਦੇ ਤੇ ਜ਼ਮੀਨੀ ਹਕੀਕਤ ਤੋਂ ਜਾਣੂੰ ਨਹੀਂ ਕਰਵਾਉਂਦੇ ਹਨ। ਉਹ ਲਗਾਤਾਰ ਪੰਪ ਮਾਰ ਕੇ ਸਿਸਟਮ ਦੇ ਨਾਲੋਂ ਇਕ ਸ਼ਖਸੀਅਤ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਲੋਕਾਂ ਦੀ ਸ਼ਨਾਖਤ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਸਿਰਫ 5-7 ਲੋਕ ਹਨ, ਜੋ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਉਨ੍ਹਾਂ ਮੁਤਾਬਕ ਸਿਆਸਤ ’ਚ ਸੱਚ ਦੀ ਗੁੰਜਾਇਸ਼ ਨਹੀਂ ਰਹਿ ਗਈ ਤੇ ਹੁਕਮਰਾਨ ਨੂੰ ਜ਼ਿਆਦਾਤਰ ਯੈੱਸ ਮੈਨ ਪਸੰਦ ਆਉਂਦੇ ਹਨ। ਪਰ ਉਨ੍ਹਾਂ ਦੀ ਫਿਤਰਤ ਅਜਿਹੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’, ਸਿੱਧੂ ’ਤੇ ਗਾਜ ਡਿੱਗਣੀ ਤੈਅ !
ਬੀਤੇ ਦਿਨ ਮੁੱਖ ਮੰਤਰੀ ਨਾਲ ਵਿਧਾਇਕਾਂ ਦੀ ਬੈਠਕ ’ਚ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਦੱਸਦੇ ਨੇ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੂੰਹ ’ਤੇ ਕਿਹਾ ਹੈ ਕਿ ਹੁਣ ਤੁਸੀਂ ਪਹਿਲਾਂ ਵਾਲੇ ਨਹੀਂ ਰਹੇ, ਜੋ ਵਿਰੋਧੀਆਂ ਨੂੰ ਛਿੱਕੇ ’ਤੇ ਟੰਗ ਕੇ ਰੱਖਦੇ ਸਨ। ਮੈਂ ਤਾਂ ਇਹ ਵੀ ਕਿਹਾ ਕਿ ਹੁਣ ਤਾਂ ਤੁਸੀਂ ਵਿਧਾਇਕਾਂ ਜਾਂ ਮੰਤਰੀਆਂ ਨੂੰ ਲੋਕਾਂ ਸਾਹਮਣੇ ਬੋਲਣ ਜੋਗਾ ਵੀ ਨਹੀਂ ਛੱਡਿਆ। ਪਰ ਮੇਰੀਆਂ ਗੱਲਾਂ ’ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਸਿਰਫ ਸੁਣਦੇ ਰਹੇ। ਪਰਗਟ ਸਿੰਘ ਮੁਤਾਬਕ ਲੋਕਾਂ ਨੇ ਉਸ ਕੈਪਟਨ ਨੂੰ ਵੋਟਾਂ ਪਾਈਆਂ ਹਨ, ਜੋ 84 ਵਾਲੀ ਘਟਨਾ ’ਤੇ ਅਸਤੀਫਾ ਦੇ ਗਿਆ ਸੀ ਤੇ ਜਿਸਨੇ ਪਾਣੀਆਂ ਦੇ ਮਸਲੇ ’ਤੇ ਵੱਡਾ ਸਟੈਂਡ ਲਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ
ਬੇਅਦਬੀ ਮਾਮਲੇ ’ਤੇ ਕਾਂਗਰਸ ਤੇ ਅਕਾਲੀ ਬਰਾਬਰ ਦੇ ਜ਼ਿੰਮੇਵਾਰ
ਪਰਗਟ ਸਿੰਘ ਮੁਤਾਬਕ ਬੇਅਦਬੀ ਮਾਮਲੇ ’ਤੇ ਹੁਣ ਦੋਵੇਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਬਣ ਗਈਆਂ ਹਨ। ਅਕਾਲੀਆਂ ਦੀ ਸਰਕਾਰ ਵੇਲੇ ਬੇਅਦਬੀ ਹੋਈ, ਡੇਰਾ ਮੁਖੀ ਨੂੰ ਮੁਆਫੀ ਦਿੱਤੀ ਤੇ ਮਾਹੌਲ ਖਰਾਬ ਹੋਇਆ। ਉਹ ਕਾਨੂੰਨ-ਵਿਵਸਥਾ ਨਹੀਂ ਸੰਭਾਲ ਸਕੇ, ਇਹ ਉਨ੍ਹਾਂ ਦਾ ਦੋਸ਼ ਹੈ ਜਦਕਿ ਸਾਡੀ ਸਰਕਾਰ ਨੇ ਹਾਲੇ ਤੱਕ ਕੋਈ ਹੱਲ ਨਹੀਂ ਕੀਤਾ, ਸੋ ਬੇਦੋਸ਼ ਅਸੀਂ ਵੀ ਨਹੀਂ ਹਾਂ। ਸਵਾਲ ਇਹ ਨਹੀਂ ਕਿ ਬਾਦਲ ਦੋਸ਼ੀ ਹਨ ਜਾਂ ਨਹੀਂ, ਮਹੱਤਵਪੂਰਨ ਪੱਖ ਹੈ ਕਿ ਜਿਹੜਾ ਵੀ ਦੋਸ਼ੀ ਹੈ ਉਹ ਹਾਲੇ ਤੱਕ ਸਲਾਖਾਂ ਪਿੱਛੇ ਕਿਉਂ ਨਹੀਂ। ਮੇਰਾ ਮੰਨਣਾ ਕਿ ਬਦਕਿਸਮਤੀ ਨਾਲ ਬੇਅਦਬੀ ਵਰਗੇ ਗੰਭੀਰ ਮੁੱਦੇ ’ਤੇ ਕਿਸੇ ਨੇ ਸੁਪਰਵਿਜ਼ਨ ਨਹੀਂ ਕੀਤੀ, ਜਿਸਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਕੀਤੀਆਂ ਗਲਤੀਆਂ ਅਸੀਂ ਆਪਣੇ ਗਲ਼ ਪਾ ਲਈਆਂ ਹਨ। ਜਦਕਿ ਸਿਆਸੀ ਤੇ ਸਮਾਜਿਕ ਤੌਰ ’ਤੇ ਉਹ ਮਸਲੇ ਸਾਡੇ ਹੱਕ ਵਿਚ ਸਨ।
ਇਹ ਵੀ ਪੜ੍ਹੋ : ਲੜ ਕੇ ਪੇਕੇ ਗਈ ਪਤਨੀ ਤਾਂ ਜਾਨੋ ਪਿਆਰੀ ਧੀ ਨੂੰ ਪਾਉਣ ਲਈ ਤੜਫ ਰਹੇ ਪਿਓ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਕੀ ਹੋਵੇਗਾ ਸਿੱਧੂ ਤੇ ਪਰਗਟ ਦਾ ਸਿਆਸੀ ਭਵਿੱਖ
ਪਰਗਟ ਸਿੰਘ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਤੁਹਾਡੀ ਨਾ ਤਾਂ ਪਿਛਲੀ ਸਰਕਾਰ ’ਚ ਬਣੀ ਤੇ ਨਾ ਹੁਣ ਦਾਲ ਗਲ਼ ਰਹੀ ਹੈ, ਅਜਿਹੇ ’ਚ ਕੀ ਤੁਸੀਂ ਆਮ ਆਦਮੀ ਪਾਰਟੀ ’ਚ ਜਾ ਸਕਦੇ ਹੋ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਸਾਡਾ ਅਜਿਹਾ ਕੋਈ ਪਲਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਨਵਜੋਤ ਸਿੱਧੂ ਬਾਰੇ ਕਿਹਾ ਜਾ ਰਿਹਾ ਹੈ ਬਿਲਕੁਲ ਗਲਤ ਹੈ। ਦੋਵਾਂ ਦੀ ਲੜਾਈ ਨਾਲ ਮਸਲੇ ਹੱਲ ਨਹੀਂ ਹੋਣਗੇ। ਬੇਸ਼ੱਕ ਕੁਝ ਲੋਕ ਕਹਿੰਦੇ ਨੇ ਕਿ ਸਿੱਧੂ ਜ਼ਿਆਦਾ ਬੋਲਦਾ ਹੈ ਪਰ ਸਵਾਲ ਹੈ ਕਿ ਅਸੀਂ ਉਸਨੂੰ ਮੌਕਾ ਹੀ ਕਿਉਂ ਦੇ ਰਹੇ ਹਾਂ। ਇਸਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਵੀ ਜਵਾਬ ਦਿੱਤਾ ਕਿ ਅੱਜ ਸਾਨੂੰ ਕਿਹਾ ਜਾ ਰਿਹਾ ਕਿ ਅਸੀਂ ਟਕਸਾਲੀ ਨਹੀਂ ਹਾਂ ਪਰ ਮੈਂ ਯਾਦ ਕਰਵਾ ਦੇਵਾਂ ਕਿ ਜਦੋਂ ਕੈਪਟਨ ਸਾਹਿਬ ਨੇ ਸਾਨੂੰ ਸ਼ਾਮਲ ਕੀਤਾ ਸੀ ਉਦੋਂ ਕਾਂਗਰਸ 35 ਸੀਟਾਂ ਤੋਂ ਨਹੀਂ ਟੱਪ ਰਹੀ ਸੀ। ਮੈਂ ਵਿਧਾਇਕ ਬਣਾਂ ਜਾਂ ਨਾ ਪਰ ਮੇਰਾ ਜ਼ਮੀਰ ਨਾ ਮਰੇ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ। ਹਾਲਾਂਕਿ ਮੈਨੂੰ ਸੱਚ ਬੋਲਣ ਦੀ ਸਜ਼ਾ ਅਕਸਰ ਮਿਲਦੀ ਹੈ ਪਰ ਮੈਨੂੰ ਅਜਿਹਾ ਕਰ ਕੇ ਨੀਂਦ ਬੜੀ ਸੌਖੀ ਆਉਂਦੀ ਹੈ।
ਇਹ ਵੀ ਪੜ੍ਹੋ : ਘਰ ਦੇ ਕਲੇਸ਼ ਨੇ ਉਜਾੜੇ ਪਾਇਆ ਪਰਿਵਾਰ, ਦੋ ਮਹੀਨਿਆਂ ਦਾ ਪੁੱਤ ਵੀ ਪਹੁੰਚਿਆ ਮੌਤ ਦੇ ਮੂੰਹ ’ਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?