ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ
Friday, Mar 12, 2021 - 07:41 PM (IST)
ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਵਲੋਂ ਡੀ.ਜੀ.ਪੀ. ਨਾਲ ਇਹ ਮੁਲਾਕਾਤ ਪੰਜਾਬ ਦੇ ਜਵਾਨਾਂ ਨੂੰ ਮਿਲਣ ਵਾਲੇ ਰਾਸ਼ਨ ਭੱਤੇ ਦੇ ਚੱਲਦੇ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਨੇ ਮੁਲਾਕਾਤ ਦੌਰਾਨ ਡੀ. ਜੀ. ਪੀ. ਨੇ ਇਕ ਮੰਗ ਪੱਤਰ ਵੀ ਸੌਂਪਿਆ ਹੈ। ਪੁਲਸ ਮੁਖੀ ਨੂੰ ਦਿੱਤੀ ਚਿੱਠੀ 'ਚ ਸਿੱਧੂ ਨੇ ਪੰਜਾਬ ਪੁਲਸ ਨੂੰ ਮਿਲਣ ਵਾਲੇ ਨਾ-ਮਾਤਰ ਰਾਸ਼ਨ ਭੱਤੇ ਦਾ ਮਾਮਲਾ ਚੁੱਕਿਆ ਹੈ। ਸਿੱਧੂ ਨੇ ਵਿਧਾਨ ਸਭਾ ਇਜਲਾਸ ਦੌਰਾਨ ਪੰਜਾਬ ਪੁਲਸ ਦੇ ਜਵਾਨਾਂ ਨਾਲ ਕੀਤਾ ਆਪਣਾ ਵਾਅਦਾ ਨਿਭਾਉਂਦਿਆਂ ਪੰਜਾਬ ਪੁਲਸ ਮੁਖੀ ਕੋਲ ਪੁਲਸ ਦੇ ਜਵਾਨਾਂ ਦਾ ਰਾਸ਼ਨ ਭੱਤਾ ਵਧਾਉਣ ਦਾ ਮਾਮਲਾ ਚੁੱਕ ਦਿੱਤਾ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਪੁਲਸ ਦੇ ਜਵਾਨਾਂ ਨੇ ਸਿੱਧੂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਮਿਲਣ ਵਾਲਾ ਰਾਸ਼ਨ ਭੱਤਾ ਬਹੁਤ ਘੱਟ ਹੈ, ਜੋ ਵਧਾਇਆ ਜਾਣਾ ਚਾਹੀਦਾ ਹੈ ਅਤੇ ਸਿੱਧੂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਮਾਮਲਾ ਜ਼ਰੂਰ ਚੁੱਕਣਗੇ ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ
ਜਿਸ ਤੋਂ ਬਾਅਦ ਬੀਤੇ ਦਿਨੀਂ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਨਾ ਸਿਰਫ ਮੁਲਾਕਾਤ ਕਰਕੇ ਆਪਣੀ ਗੱਲ ਰੱਖੀ ਸਗੋਂ, ਇਕ ਚਿੱਠੀ ਵੀ ਲਿਖੀ, ਚਿੱਠੀ 'ਚ ਲਿਖਿਆ ਹੈ ਕਿ ਪੰਜਾਬ ਪੁਲਸ ਦੇ ਨੌਜਵਾਨਾਂ ਨੂੰ ਰਾਸ਼ਨ ਲਈ ਮਿਲਦਾ ਭੱਤਾ ਸਿਰਫ਼ 3 ਰੁਪਏ ਰੋਜ਼ਾਨਾ ਦੀ ਦਰ ਨਾਲ ਮਿਲ ਰਿਹਾ ਹੈ, ਜੋ ਬੇਹੱਦ ਘੱਟ ਅਤੇ ਬੇਤੁਕਾ ਹੈ। ਸਿੱਧੂ ਨੇ ਚਿੱਠੀ 'ਚ ਲਿਖਿਆ ਕਿ ਪੰਜਾਬ ਪੁਲਸ ਦੇਸ਼ ਦੀ ਸਭ ਤੋਂ ਪੁਰਾਣੀ ਪੁਲਸ 'ਚੋਂ ਇਕ ਹੈ। ਸਾਡੇ ਜਵਾਨਾਂ ਨੂੰ ਵੀ ਹੋਰ ਇਲਾਕਿਆਂ ਦੀ ਪੁਲਸ ਫੋਰਸਾਂ ਦੇ ਬਰਾਬਰ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਫ਼ੌਜ, ਜਲ ਸੈਨਾ ਤੇ ਹਵਾਈ ਸੈਨਾ ਨੂੰ ਮਿਲਦੇ 234.58 ਰੁਪਏ ਤੇ ਆਈ.ਬੀ. ਤੇ ਦਿੱਲੀ ਪੁਲਸ ਦੇ ਨਾਨ ਗਜ਼ਟਿਡ ਮੁਲਾਜ਼ਮਾਂ ਨੂੰ ਮਿਲਦੇ 117.29 ਰੁਪਏ ਰੋਜ਼ਾਨਾ ਦੇ ਭੱਤੇ ਦਾ ਹਵਾਲਾ ਦਿੰਦਿਆਂ ਪੰਜਾਬ ਪੁਲਸ ਦੇ ਜਵਾਨਾਂ ਨੂੰ ਵੀ ਇਸੇ ਆਧਾਰ 'ਤੇ ਰਾਸ਼ਨ ਭੱਤਾ ਦੇਣ ਦੀ ਮੰਗ ਪੁਲਸ ਮੁਖੀ ਅੱਗੇ ਰੱਖੀ।
ਇਹ ਵੀ ਪੜ੍ਹੋ : ਪੰਜਾਬ ਪਾਵਰਕੌਮ ਦਾ ਨਵਾਂ ਫਰਮਾਨ, ਬਿਜਲੀ ਮੁਲਾਜ਼ਮਾਂ ਨੂੰ ਰਿਲਾਇੰਸ ਜੀਓ ਦੀ ਸਿੰਮ ਵਰਤਣ ਦੇ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?