ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਵੇਰਕਾ ਨੇ ਵੀ ਖੋਲ੍ਹਿਆ ਮੋਰਚਾ
Saturday, Apr 24, 2021 - 06:26 PM (IST)
ਚੰਡੀਗੜ੍ਹ : ਬੇਅਦਬੀ ਮਾਮਲੇ ’ਚ ਐੱਸ. ਆਈ. ਟੀ. ਦੀ ਨਾਕਾਮੀ ਨੂੰ ਲੈ ਕੇ ਉੱਠੇ ਸਵਾਲਾਂ ’ਤੇ ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਬੋਲੇ ਜਾ ਰਹੇ ਹਮਲੇ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਿੱਧੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਿੱਟੂ ਨੇ ਸਿੱਧੂ ਦਾ ਨਾਮ ਲਏ ਬਿਨਾਂ ਕਿਹਾ ਕਿ ਸਰਕਾਰ ਸਭ ਦੇ ਫ਼ੈਸਲੇ ’ਤੇ ਚੱਲਦੀ ਹੈ, ਕਿਸੇ ਇਕ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਜਿਹੜਾ ਭੱਜਦਾ ਹੈ ਭੱਜ ਜਾਵੇ ਕੈਬਨਿਟ ਨੂੰ ਜਨਤਾ ’ਚ ਜਾ ਕੇ ਸਰਕਾਰ ਦੇ ਅਕਸ ਨੂੰ ਸਾਫ਼ ਕਰਨਾ ਚਾਹੀਦਾ ਹੈ। ਬਿੱਟੂ ਨੇ ਕਿਹਾ ਕਿ ਇਹ ਉਹ ਸਰਦਾਰ ਜੀ ਹਨ ਜਿਹੜੇ 2016 ਵਿਚ ਦੂਜੇ ਸੂਬਿਆਂ ਵਿਚ ਜਾ ਕੇ ਇਸੇ ਕੇਂਦਰ ਸਰਕਾਰ ਦੀ ਕੰਪੇਨ ਕਰਦੇ ਸਨ, ਠੋਕੋ ਤਾਲੀ ਕਹਿੰਦੇ ਸਨ। ਨਵੰਬਰ 2016 ਵਿਚ ਇਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ। ਸਾਢੇ ਚਾਰ ਸਾਲ ਕਾਂਗਰਸ ’ਚ ਰਹੇ, ਹੁਣ ਵੀ ਇਥੇ ਹੀ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਮ
ਬਿੱਟੂ ਨੇ ਕਿਹਾ ਕਿ ਛੱਡ ਕੇ ਭੱਜਣ ਵਾਲੇ ਨੂੰ ਲੀਡਰ ਨਹੀਂ ਕਹਿੰਦੇ। ਲੀਡਰ ਉਹ ਹੈ ਜਿਹੜਾ ਉਸ ਸਮੇਂ ਤੋਂ ਨਿਕਲਣ ’ਤੇ ਵਿਚਾਰ ਕਰੇ। ਭੱਜਦੇ ਤਾਂ ਡਰਪੋਕ ਹਨ। ਭੱਜਣ ਨਾਲ ਕੁਝ ਨਹੀਂ ਬਣੇਗਾ। ਲੋਕ ਉਸ ਨੂੰ ਵੀ ਮਾਫ਼ ਨਹੀਂ ਕਰਨਗੇ ਜਿਸ ਨੇ ਪਹਿਲਾਂ ਦੂਜਿਆਂ ਦੇ ਰਾਜ ਭਾਗ ਦਾ ਆਨੰਦ ਲਿਆ, ਫਿਰ ਕਾਂਗਰਸ ਦੇ ਰਾਜ ਵਿਚ ਆਨੰਦ ਲਿਆ, ਹੁਣ ਲੋਕਾਂ ਨੂੰ ਭੜਕਾਉਂਦਾ ਹੈ।
ਇਹ ਵੀ ਪੜ੍ਹੋ : ਬੁੜੈਲ ਜੇਲ ’ਚ ਬੰਦ ਖ਼ਤਰਨਾਕ ਮੁਲਜ਼ਮ ਰਾਜਨ ਭੱਟੀ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ
ਵੇਰਕਾ ਨੇ ਸਿੱਧੂ ਖ਼ਿਲਾਫ਼ ਹਾਈਕਮਾਨ ਨੂੰ ਲਿਖਿਆ ਪੱਤਰ
ਦੂਜੇ ਪਾਸੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵੇਰਕਾ ਨੇ ਤਾਂ ਹਾਈਕਮਾਨ ਨੂੰ ਇਸ ਦੀ ਸ਼ਿਕਾਇਤ ਵੀ ਕਰ ਦਿੱਤੀ ਹੈ। ਵੇਰਕਾ ਨੇ ਹਾਈਕਮਾਨ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦੇ ਹੋਏ ਪਾਰਟੀ ਵਿਰੋਧੀ ਬਿਆਨ ਦੇਣ ਤੋਂ ਰੋਕਣ ਲਈ ਕਿਹਾ ਹੈ। ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਅਦਾਲਤ ਦੇ ਫ਼ੈਸਲੇ ਦੀ ਕਾਪੀ ਪ੍ਰਾਪਤ ਹੋਣ ਮਗਰੋਂ ਪਹਿਲਾਂ ਕਾਨੂੰਨੀ ਨੁਕਤੇ ਵਿਚਾਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੁਕਤਿਆਂ ਨੂੰ ਪਾਰਟੀ ਵਿਚ ਰੱਖਣਾ ਚਾਹੀਦਾ ਸੀ ਅਤੇ ਪਾਰਟੀ ਪਲੇਟਫਾਰਮ ’ਤੇ ਮੰਥਨ ਕਰਨਾ ਚਾਹੀਦਾ ਸੀ, ਨਾ ਕਿ ਜਨਤਕ ਤੌਰ ’ਤੇ ਬਿਆਨਬਾਜ਼ੀ ਕਰਨੀ ਚਾਹੀਦੀ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਗ੍ਰਹਿ ਮੰਤਰੀ ’ਤੇ ਸਵਾਲ ਚੁੱਕਦਿਆਂ ਕਿਹਾ, ਲੀਗਲ ਟੀਮ ਦੇ ਮੈਂਬਰ ਮਹਿਜ਼ ਪਿਆਦੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?