ਕਾਂਗਰਸ ਕਰੇਗੀ ਸਿੱਧੂ ਖਿਲਾਫ ਕਾਰਵਾਈ, ਨਤੀਜਿਆਂ ਬਾਅਦ ਹੋ ਸਕਦੈ ਫੈਸਲਾ!

Tuesday, May 21, 2019 - 04:32 PM (IST)

ਕਾਂਗਰਸ ਕਰੇਗੀ ਸਿੱਧੂ ਖਿਲਾਫ ਕਾਰਵਾਈ, ਨਤੀਜਿਆਂ ਬਾਅਦ ਹੋ ਸਕਦੈ ਫੈਸਲਾ!

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸਿੱਧੂ ਤੋਂ ਖਫਾ ਹੈ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗੀ ਗਈ ਹੈ। ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਮਾਮਲਾ ਰਾਹੁਲ ਗਾਂਧੀ ਦੇ ਧਿਆਨ ਵਿਚ ਵੀ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਤਾਂ ਹੋਵੇਗੀ ਪਰ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਰਾਂਗੇ। ਸੂਬੇ ਦੇ ਕਈ ਕੈਬਨਿਟ ਮੰਤਰੀਆਂ ਨੇ ਵੀ ਸਿੱਧੂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਿੱਧੂ ਖਿਲਾਫ ਕਾਰਵਾਈ ਹੋ ਸਕਦੀ ਹੈ। 
ਸੋਮਵਾਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੌਤ ਨੇ ਵੀ ਸਿੱਧੂ ਦੀ ਬਿਆਨਬਾਜ਼ੀ ਨੂੰ ਬੇਤੁਕੀ ਅਤੇ ਗੈਰਵਾਜਬ ਕਰਾਰ ਦਿੱਤਾ। ਉਕਤ ਲੀਡਰਾਂ ਮੁਤਾਬਕ ਜੇਕਰ ਉਨ੍ਹਾਂ ਨੂੰ ਨਾਰਾਜ਼ਗੀ ਹੈ ਤਾਂ ਇਸ ਬਾਰੇ ਕੈਬਨਿਟ ਮੀਟਿੰਗ ਵਿਚ ਗੱਲ ਕਰਨੀ ਚਾਹੀਦੀ ਹੈ ਨਾ ਕਿ ਜਨਤਕ ਤੌਰ 'ਤੇ ਅਜਿਹੇ ਬਿਆਨ ਦੇਣੇ ਚਾਹੀਦੇ ਹਨ। 
ਉਧਰ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਕਿਹਾ ਆਤਮਾ ਨਾਲ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪੰਜਾਬ ਦੀ ਆਤਮਾ 'ਤੇ ਸੱਟ ਹੈ। ਇਸ ਨਾਲ ਸਾਰੀ ਸਿੱਖ ਕੌਮ ਆਹਤ ਹੋਈ ਹੈ। ਸਿੱਧੂ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਨਾਮ ਲਏ ਬਿਨਾਂ ਉਨ੍ਹਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਠੋਕ ਦਿਓ ਉਨ੍ਹਾਂ ਨੂੰ ਜਿਹੜੇ ਮਿਲੀਭੁਗਤ ਨਾਲ ਕਾਂਗਰਸ ਦੀ ਪਿੱਠ 'ਚ ਛੁਰਾ ਮਾਰ ਰਹੇ ਹਨ।


author

Gurminder Singh

Content Editor

Related News