ਐੱਚ. ਐੱਸ. ਫੂਲਕਾ ਦੀ ਚਿੱਠੀ ਤੋਂ ਬਾਅਦ ਨਵਜੋਤ ਸਿੱਧੂ ਦਾ ਤਿੱਖਾ ਜਵਾਬ, ਕੈਪਟਨ ਨੂੰ ਵੀ ਦਿੱਤਾ ਹਲੂਣਾ

04/19/2021 6:39:59 PM

ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐੱਚ. ਐੱਸ. ਫੂਲਕਾ ਦੀ ਉਸ ਚਿੱਠੀ ਦਾ ਜਵਾਬ ਦਿੱਤਾ ਹੈ, ਜਿਸ ਵਿਚ ਉਨ੍ਹਾਂ ਸਿੱਧੂ ਨੂੰ ਤਿੱਖੀ ਨਸੀਹਤ ਦਿੰਦੇ ਹੋਏ ਆਖਿਆ ਸੀ ਕਿ ਹੁਣ ਗਰਜਣ ਦਾ ਨਹੀਂ ਸਗੋਂ ਵਰ੍ਹਣ ਦਾ ਸਮਾਂ ਹੈ। ਫੂਲਕਾ ਦੀ ਚਿੱਠੀ ਦਾ ਉਸੇ ਲਹਿਜ਼ੇ ’ਚ ਜਵਾਬ ਦਿੰਦਿਆਂ ਸਿੱਧੂ ਨੇ ਆਖਿਆ ਹੈ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਜਿੰਨਾਂ ਉਹ ਕਰ ਸਕਦੇ ਸਨ, ਉਸ ਤੋਂ ਵੱਧ ਕਰ ਰਹੇ ਹਨ। ਇਸ ਪੱਤਰ ਵਿਚ ਸਿੱਧੂ ਨੇ ਸਿਰਫ ਫੂਲਕਾ ਨੂੰ ਹੀ ਜਵਾਬ ਨਹੀਂ ਦਿਤਾ ਹੈ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਲੂਣਾ ਦਿੰਦਿਆਂ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਉਣ ਲਈ ਆਖਿਆ ਹੈ। ਸਿੱਧੂ ਨੇ ਆਖਿਆ ਕਿ ਵਿਧਾਨ ਸਭਾ ਦਾ ਮੈਂਬਰ ਹੁੰਦੇ ਹੋਏ ਮੈਂ ਤੇ ਤੁਸੀਂ ਆਵਾਜ਼ ਚੁੱਕੀ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਅਦਬੀ ਵਾਲੇ ਕੇਸ ਵਿਚ ਮੈਂ ਵਿਧਾਨ ਸਭਾ ’ਚ ਸੱਚ ਉਜਾਗਰ ਕੀਤਾ, ਰਿਪੋਰਟ ਆਧਾਰਿਤ ਸਬੂਤ ਪੇਸ਼ ਕਰਦਿਆਂ ਰਾਜਨੀਤਿਕ ਦੋਸ਼ੀਆਂ ਦੇ ਨਾਂ ਖੁੱਲ੍ਹ ਕੇ ਬੋਲੇ। ਇਨਸਾਫ਼ ਲਈ ਲੜਦਿਆਂ ਸੱਚ ਪ੍ਰਗਟ ਕਰਨ ਲਈ ਤੇ ਸਰਕਾਰ ਉੱਪਰ ਦਬਾਅ ਬਨਾਉਣ ਲਈ ਤਾਂ ਕਿ ਜਾਂਚ ਤੇਜ਼ੀ ਨਾਲ ਹੋਵੇ ਤੇ ਗੁਨਹਗਾਰਾਂ ਨੂੰ ਜਲਦ ਤੋਂ ਜਲਦ ਮਿਸਾਲੀ ਸਜ਼ਾ ਮਿਲੇ, ਉਸ ਵਿਧਾਨ ਸਭਾ ਸ਼ੈਸਨ ਤੋਂ ਬਾਅਦ ਮੈਂ ਪ੍ਰੈਸ ਕਾਨਫਰੰਸ ਕਰਕੇ ਕੋਟਕਪੂਰਾ ਚੌਕ ਦੀ 14-15 ਅਕਤੂਬਰ 2015 ਦੀ ਸੀਸੀਟੀਵੀ ਫੁਟੇਜ ਪੂਰੇ ਪੰਜਾਬ ਦੇ ਮੀਡੀਆ ’ਚ ਜਨਤਕ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ’ਚ ਐਤਵਾਰ ਨੂੰ ਲਾਕ ਡਾਊਨ, ਸਿਨੇਮਾ-ਜਿੰਮ ਬੰਦ, ਲੱਗੀਆਂ ਨਵੀਂਆਂ ਪਾਬੰਦੀਆਂ

ਇਸ ਫੁਟੇਜ ਨੂੰ ਪਿਛਲੀ ਸਰਕਾਰ ਛੁਪਾਈ ਬੈਠੀ ਸੀ ਤੇ ਉਸਨੇ ਜ਼ੋਰਾ ਸਿੰਘ ਕਮਿਸ਼ਨ ਨੂੰ ਇਹ ਕਹਿ ਦਿੱਤਾ ਸੀ ਕਿ ਅਜਿਹਾ ਕੁੱਝ ਵੀ ਮੌਜੂਦ ਹੀ ਨਹੀਂ ਹੈ। ਉਸ ਸੀਸੀਟੀਵੀ ਫੁਟੇਜ ਵਿਚ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਪੁਲਸ ਨੇ ਕਿਸ ਤਰ੍ਹਾਂ ਨਿਹੱਥੇ ਸ਼ਾਂਤ ਬੈਠੇ ਲੋਕਾਂ ’ਤੇ ਗੋਲੀਆਂ ਚਲਾਈਆਂ ਤੇ ਤਸ਼ੱਦਦ ਕੀਤਾ। ਇਹੀ ਫੁਟੇਜ ਅੱਗੇ ਚੱਲ ਕੇ ਸਿਟ ਲਈ ਇਹ ਸਾਬਤ ਕਰਨ ‘ਚ ਕਿ ਦੋਸ਼ੀ ਕੌਣ ਸਨ? ਉਹ ਤਰ੍ਹਾਂ ਲੋਕਾਂ ਉੱਪਰ ਤਸ਼ੱਦਦ ਕਰ ਰਹੇ ਸਨ ? ਕਿਸ ਤਰ੍ਹਾਂ ਫ਼ੋਨ ‘ਤੇ ਹੁਕਮ ਲੈ ਰਹੇ ਸਨ ? ਕਿਸ ਤਰ੍ਹਾਂ ਉਨ੍ਹਾਂ ਨੂੰ ਮੌਕੇ ਦੇ ਹੁਕਮਰਾਨਾਂ ਵੱਲੋਂ ਫ਼ੋਨ ਕੀਤੇ ਜਾ ਰਹੇ ਸਨ ? ਕਿਸ ਤਰ੍ਹਾਂ ਫ਼ੋਨ ਉੱਪਰ ਆਏ ਹੁਕਮਾਂ ਕਰਕੇ ਹੀ ਇਹ ਸਭ ਕੁੱਝ ਵਾਪਰਿਆ ? ਆਦਿ ਸਵਾਲਾਂ ਦੇ ਉੱਤਰ ਲੱਭਣ ਲਈ ਬੇਹੱਦ ਸਹਾਈ ਹੋਏ। ਮੈਂ ਇਸੇ ਕਾਨਫ਼ਰੰਸ ਵਿਚ ਦੋਸ਼ੀਆਂ ਉੱਪਰ ਐਫ.ਆਈ ਆਰ ਕਰਨ ਦੀ ਵੀ ਮੰਗ ਕੀਤੀ ਸੀ ਜੋ ਬਾਅਦ ‘ਚ ਕੀਤੀ ਗਈ। ਇਸੇ ਆਧਾਰ ਉੱਪਰ ਸਿਟ ਨੇ ਜਾਂਚ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ

ਇਸ ਪੱਤਰ ਵਿਚ ਸਿੱਧੂ ਨੇ ਫੂਲਕਾ ਦੀ ਉਸ ਮੰਗ ਨੂੰ ਵੀ ਸਿਰੇ ਤੋਂ ਨਾਕਾਰ ਦਿੱਤਾ ਜਿਸ ਵਿਚ ਉਨ੍ਹਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਮੰਗ ਕੀਤੀ ਸੀ।ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮਸਲਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਦਸ ਸੈਸ਼ਨ ਬੁਲਾ ਕੇ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤਾਂ ਸਿਰਫ਼ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਹੈ । ਮੈਂ ਤੁਹਾਨੂੰ ਇਹੀ ਸੁਝਾਅ ਦਿਆਂਗਾ ਕਿ ਸਪੈਸ਼ਲ ਸੈਸ਼ਨ ਦੀ ਮੰਗ ਕਰਕੇ ਲੋਕਾਂ ਨੂੰ ਗੁਮਰਾਹ ਰਾਹ ’ਤੇ ਨਾ ਪਾਇਆ ਜਾਵੇ। ਪਿਛਲੀ ਵਾਰ ਵੀ ਅਸੀਂ ਇਸੇ ਤਰ੍ਹਾਂ ਗੁਮਰਾਹ ਹੋ ਗਏ ਸੀ। ਸਿਰਫ਼ ਤੇ ਸਿਰਫ਼ ਸੰਵਿਧਾਨ ਅਨੁਸਾਰ ਸੂਬੇ ਦੀ ਕਾਰਜਕਾਰੀ ਸ਼ਕਤੀ ਅਰਥਾਤ ਗ੍ਰਹਿ ਮੰਤਰੀ ਹੀ ਇਹ ਤਾਕਤ ਰੱਖਦਾ ਹੈ ਕਿ ਉਹ ਐੱਫ. ਆਈ. ਆਰ. ਅਤੇ ਗ੍ਰਿਫ਼ਤਾਰੀ ਸੰਬੰਧੀ ਰਾਜਨੀਤਿਕ ਹੁਕਮ ਦੇ ਸਕੇ। ਲੋਕਾਂ ਨੇ ਮੈਨੂੰ ਨੂੰ ਜਿੰਨੀ ਤਾਕਤ ਬਖ਼ਸੀ ਸੀ ਮੈਂ ਉਸ ਤੋਂ ਵੱਧ ਜ਼ਿੰਮੇਵਾਰੀ ਨਿਭਾਅ ਰਿਹਾ ਹਾਂ।

ਇਹ ਵੀ ਪੜ੍ਹੋ : ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੱਧੂ ਨੂੰ ਫੂਲਕਾ ਨੇ ਵਿਖਾਇਆ ਸ਼ੀਸ਼ਾ

ਸਿੱਧੂ ਨੇ ਕਿਹਾ ਕਿ ਮੈ ਇਹ ਭਲੀਭਾਂਤ ਸਮਝਦਾ ਹਾਂ ਕਿ ਤਾਕਤ ਵਿਚ ਰਹਿਣ ਦਾ ਮਤਲਬ ਹੈ ਲੋਕਾਂ ਪ੍ਰਤੀ ਜੁਆਬਦੇਹ ਹੋਣਾ ਅਤੇ ਮੈਂ ਆਪਣਾ ਕਿਰਦਾਰ ਲੋਕਾਂ ਸਾਹਮਣੇ ਖੁੱਲ੍ਹੀ ਕਿਤਾਬ ਵਾਂਗ ਰੱਖ ਕੇ ਚੱਲਦਾ ਹਾਂ।  ਲੋਕ ਜਾਣਦੇ ਹਨ ਕਿ ਹੁਣ ਤੱਕ ਮੈਂ ਕੀ ਕੀਤਾ ਹੈ ਤੇ ਕੀ ਕਰ ਸਕਦਾ ਹਾਂ ਤੇ ਕੀ ਕਰ ਰਿਹਾ ਹਾਂ। ਗੁਰੂ ਸਾਹਿਬ ਦੇ ਹੁਕਮ ਸਦਕਾ ਜਿਸ ਦਿਨ ਲੋਕਾਂ ਨੇ ਮੈਨੂੰ ਹੁਣ ਤੋਂ ਜ਼ਿਆਦਾ ਤਾਕਤ ਬਖ਼ਸੀ ਤਾਂ ਉਹ ਵੀ ਕਰਾਂਗਾ ਜੋ ਉਸ ਸਮੇਂ ਮੇਰੇ ਹੱਥ ਵਿਚ ਹੋਵੇਗਾ। ਸਿੱਧੂ ਨੇ ਕਿਹਾ ਕਿ ਇਹ ਤੁਹਾਡਾ ਵਿਚਾਰ ਹੈ ਕਿ ਅਸਤੀਫ਼ਾ ਦੇ ਕੇ ਕੋਈ ਹੱਲ ਨਿੱਕਲ ਸਕਦਾ ਹੈ ਤੇ ਮੈਂ ਮੰਨਦਾ ਹਾਂ ਕਿ ਸਿਸਟਮ ’ਚ ਵੜ ਕੇ ਹੀ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ ਨਾ ਕਿ ਸਿਸਟਮ ਚੋਂ ਬਾਹਰ ਹੋ ਕੇ। ਸਗੋਂ ਸੂਬੇ ਦੀ ਕਾਰਜਕਾਰੀ ਸ਼ਕਤੀ (ਖਾਸ ਤੌਰ ’ਤੇ ਮੁੱਖ ਮੰਤਰੀ/ਗ੍ਰਹਿ ਮੰਤਰੀ) ਜਿਸ ਕੋਲ ਹੈ ਉਸ ਨੂੰ ਹਲੂਣੀਏ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਭੜਕੇ ਸਿੱਧੂ, ਕਿਹਾ ਕਿਉਂ ਨਹੀਂ ਹੋਈ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News