ਪੰਜਾਬ ਦੇ ਏ. ਜੀ . ਨੂੰ ਨਵਜੋਤ ਸਿੱਧੂ ਦਾ ਕਰਾਰਾ ਜਵਾਬ, ਪੰਜਾਬ ਸਰਕਾਰ ’ਤੇ ਵੀ ਚੁੱਕੇ ਸਵਾਲ

Sunday, Nov 07, 2021 - 06:43 PM (IST)

ਪੰਜਾਬ ਦੇ ਏ. ਜੀ . ਨੂੰ ਨਵਜੋਤ ਸਿੱਧੂ ਦਾ ਕਰਾਰਾ ਜਵਾਬ, ਪੰਜਾਬ ਸਰਕਾਰ ’ਤੇ ਵੀ ਚੁੱਕੇ ਸਵਾਲ

ਚੰਡੀਗੜ੍ਹ : ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਵਲੋਂ ਨਵਜੋਤ ਸਿੱਧੂ ਖ਼ਿਲਾਫ਼ ਗ਼ਲਤ ਜਾਣਕਾਰੀ ਫੈਲਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਸਿੱਧੂ ਨੇ ਵੀ ਜਵਾਬੀ ਹਮਲਾ ਬੋਲਿਆ ਹੈ। ਇਸ ਹਮਲੇ ਵਿਚ ਨਵਜੋਤ ਸਿੱਧੂ ਨੇ ਨਾ ਸਿਰਫ ਏ.ਜੀ. ਦਿਓਲ ਨੂੰ ਨਿਸ਼ਾਨੇ ’ਤੇ ਲਿਆ ਹੈ ਸਗੋਂ ਪੰਜਾਬ ਸਰਕਾਰ ’ਤੇ ਵੀ ਸਵਾਲ ਚੁੱਕੇ ਹਨ। ਸਿੱਧੂ ਨੇ ਏ. ਜੀ. ਨੂੰ ਦਿਓਲ ਨੂੰ ਸਵਾਲ ਪੁੱਛਿਆ ਹੈ ਕਿ ‘ਕੀ ਮੈਂ ਇਹ ਜਾਣ ਸਕਦਾ ਹਾਂ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵੀ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਬਲੈਂਕੇਟ ਬੇਲ ਦਵਾ ਰਹੇ ਸੀ, ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਵਿਚ ਨਿਯੁਕਤ ਕੀਤਾ ਹੈ।’

ਇਹ ਵੀ ਪੜ੍ਹੋ : ਦੀਵਾਲੀ ਵਾਲੀ ਸ਼ਾਮ ਦਸੂਹੇ ਨੇੜੇ ਵਾਪਰਿਆ ਵੱਡਾ ਹਾਦਸਾ, ਸਕੇ ਭੈਣ-ਭਰਾ ਦੀ ਮੌਤ

ਸਿੱਧੂ ਨੇ ਅੱਗੇ ਕਿਹਾ ਕਿ ‘ਮਿਸਟਰ ਏ. ਜੀ. ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲੇ ਵਿਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ, ਮੁਲਜ਼ਮਾਂ ਲਈ ਹਾਈਕੋਰਟ ਵਿਚ ਪੇਸ਼ ਹੋਏ ਅਤੇ ਸਾਡੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਅੱਜ ਤੁਸੀਂ ਸੱਤਾ ਵਿਚ ਉਸੇ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ’ਤੇ ਗ਼ਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੋ। ਜਦਕਿ ਮੈਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਲਈ ਲੜ ਰਿਹਾ ਹਾਂ ਪਰ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਵਾ ਰਹੇ ਹੋ।’

ਇਹ ਵੀ ਪੜ੍ਹੋ : ਲੰਬੀ ਨੇੜੇ ਵੱਡੀ ਵਾਰਦਾਤ, ਵੱਡੇ ਭਰਾ ਨੇ ਛੋਟੇ ਭਰਾ ਦਾ ਕਹੀ ਮਾਰ-ਮਾਰ ਕਤਲ ਕਰ ਖੇਤ ’ਚ ਦੱਬ ਦਿੱਤੀ ਲਾਸ਼

ਕੀ ਕਿਹਾ ਸੀ ਏ. ਜੀ. ਨੇ
ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਨੇ ਨਵਜੋਤ ਸਿੱਧੂ ’ਤੇ ਪਹਿਲਾ ਵੱਡਾ ਹਮਲਾ ਬੋਲਦਿਆਂ ਆਖਿਆ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ। ਦਿਓਲ ਨੇ ਆਖਿਆ ਸੀ ਕਿ ਸਰਕਾਰ ਅਤੇ ਮੇਰੇ ਦਰਮਿਆਨ ਕੀਤੇ ਜਾਣ ਵਾਲੇ ਕੰਮਾਂ ਵਿਚ ਨਵਜੋਤ ਸਿੱਧੂ ਰੋੜਾ ਬਣ ਰਹੇ ਹਨ। ਨਵਜੋਤ ਸਿੱਧੂ ਵਲੋਂ ਲਗਾਏ ਜਾ ਰਹੇ ਦੋਸ਼ਾਂ ਤੋਂ ਬਾਅਦ ਏ. ਜੀ. ਏ. ਪੀ. ਐੱਸ. ਦਿਓਲ ਦਾ ਇਹ ਪਹਿਲਾ ਅਤੇ ਵੱਡਾ ਬਿਆਨ ਸੀ। ਦਰਅਸਲ ਜਦੋਂ ਤੋਂ ਏ. ਪੀ.ਐੱਸ. ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ, ਉਸੇ ਦਿਨ ਤੋਂ ਸਿੱਧੂ ਖੁੱਲ੍ਹ ਕੇ ਉੁਨ੍ਹਾਂ ਦਾ ਵਿਰੋਧ ਕਰਦੇ ਰਹੇ ਹਨ। ਸਿੱਧੂ ਦਾ ਕਹਿਣਾ ਹੈ ਦਿਓਲ ਉਹੀ ਵਕੀਲ ਹਨ, ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਬੇਲ ਦਿਵਾਈ ਸੀ। ਫਿਰ ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕਿਵੇਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਐਡਵੋਕੇਟ ਜਨਰਲ ਨੇ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ, ਪਹਿਲੀ ਵਾਰ ਦਿੱਤਾ ਠੋਕਵਾਂ ਜਵਾਬ

ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਚਰਨਜੀਤ ਚੰਨੀ ਦੀ ਸਰਕਾਰ ਦੇ ਵਿਸਤਾਰ ਤੋਂ ਬਾਅਦ ਪਿਛਲੇ ਮਹੀਨੇ ਏ. ਪੀ. ਐੱਸ. ਦਿਓਲ ਨੂੰ ਏ. ਜੀ ਲਗਾਇਆ ਗਿਆ ਸੀ। ਇਸ ਮਗਰੋਂ ਹੀ ਵਿਵਾਦ ਖੜ੍ਹਾ ਹੋ ਗਿਆ। ਨਵਜੋਤ ਸਿੱਧੂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ, ਜਦੋਂ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਸਿੱਧੂ ਨੇ ਦਿਓਲ ’ਤੇ ਹਮਲੇ ਲਗਾਤਾਰ ਜਾਰੀ ਰੱਖੇ। ਜਿਸ ਤੋਂ ਏ. ਪੀ. ਐੱਸ. ਦਿਓਲ ਵਲੋਂ ਏ. ਜੀ. ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸਰਕਾਰ ਵਲੋਂ ਬਾਅਦ ਵਿਚ ਨਾਕਾਰ ਦਿੱਤਾ ਗਿਆ। ਬੀਤੇ ਦਿਨੀਂ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਿੱਧੂ ਨੇ ਪੰਜਾਬ ਪੁਲਸ ਪ੍ਰਮੁੱਖ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਵੀ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ। ਇਸ ਮੌਕੇ ਸਿੱਧੂ ਨੇ ਇਹ ਤੱਕ ਆਖ ਦਿੱਤਾ ਕਿ ਉਨ੍ਹਾਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਉਹ ਕਾਰਜਭਾਰ ਉਦੋਂ ਹੀ ਸੰਭਾਲਣਗੇ ਜਦੋਂ ਏ. ਜੀ. ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਸੁਰੱਖਿਆ ਕਵਚ ਦੇਣ ਵਾਲੇ ਫੈਸਲਾ ਕਿਵੇਂ ਕਰਨਗੇ। ਪਹਿਲਾਂ ਕਿਹਾ ਜਾਂਦਾ ਹੈ ਕਿ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਬਾਦਲ ਲਗਾਉਂਦੇ ਹਨ। ਹੁਣ ਕੌਣ ਲਗਾ ਰਿਹਾ ਹੈ ? ਇਨ੍ਹਾਂ ਫੈਂਸਲਿਆਂ ਨੇ 3 ਕਰੋੜ ਪੰਜਾਬੀਆਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ। ਸਿੱਧੂ ਨੇ ਕਿਹਾ ਕਿ ਜਦੋਂ ਇਕ ਮੁੱਖ ਮੰਤਰੀ ਉਤਰਿਆ ਤਾਂ ਦੂਜਾ ਬਣਿਆ ਪਰ 5 ਸੂਤਰੀ ਏਜੰਡੇ ਵਿਚ ਬੇਅਦਬੀ ਅਤੇ ਨਸ਼ਾ ਵਰਗੇ ਦੋ ਮੁੱਦੇ ਅਹਿਮ ਮੁੱਦੇ ਕਾਇਮ ਹਨ। ਹੁਣ ਤਾਂ ਪਹਿਲਾਂ ਵਾਲਾ ਮੁੱਖ ਮੰਤਰੀ ਵੀ ਨਹੀਂ ਹੈ ਤਾਂ ਹੁਣ ਕੌਣ ਰੋਕ ਰਿਹਾ ਹੈ। ਹੁਣ ਤਾਂ 50 ਦਿਨ ਵੀ ਹੋ ਗਏ।

ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵੱਡਾ ਧਮਾਕਾ, ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ’ਤੇ ਲਗਾਏ ਵੱਡੇ ਦੋਸ਼

ਨੋਟ - ਨਵਜੋਤ ਸਿੱਧੂ ਦੇ ਦੋਸ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News