2022 ਦੀਆਂ ਅਸੈਂਬਲੀ ਚੋਣਾਂ ’ਚ ਪਾਰਟੀ ਚਿਹਰੇ ਵਜੋਂ ਨਵਜੋਤ ਸਿੱਧੂ ਨੂੰ ਉਭਾਰੇਗੀ ਕਾਂਗਰਸ!
Thursday, Jan 23, 2020 - 09:49 AM (IST)
ਚੰਡੀਗੜ੍ਹ (ਭੁੱਲਰ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਹੋਣ ਮਗਰੋਂ ਮੰਤਰੀ ਦਾ ਅਹੁਦਾ ਛੱਡਣ ਵਾਲੇ ਪੰਜਾਬ ਦੇ ਬਹੁ-ਚਰਚਿਤ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਪਾਰਟੀ ਦੇ ਸਟਾਰ ਪ੍ਰਚਾਰਕਾਂ ’ਚ ਸ਼ਾਮਲ ਕੀਤਾ ਗਿਆ ਹੈ। ਅਜਿਹੀ ਹਾਲਤ ’ਚ ਮੰਤਰੀ ਦੇ ਅਹੁਦੇ ਤੋਂ ਹਟ ਕੇ ਸਿਆਸੀ ਖੇਤਰ ’ਚ ਕਈ ਮਹੀਨਿਆਂ ਤੋਂ ਖਾਮੋਸ਼ ਬੈਠੇ ਨਵਜੋਤ ਸਿੱਧੂ ਨੂੰ ਲੈ ਕੇ ਸਿਆਸੀ ਹਲਕਿਆਂ ’ਚ ਚਰਚੇ ਮੁੜ ਤੋਂ ਸ਼ੁਰੂ ਹੋ ਗਏ ਹਨ। ਅਟਕਲਾਂ ਦਾ ਬਾਜ਼ਾਰ ਗਰਮ ਹੋਣ ਲੱਗਾ ਹੈ। ਕਾਂਗਰਸ ਅਤੇ ਸਿਆਸੀ ਹਲਕਿਆਂ ’ਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸਿੱਧੂ ਨੂੰ ਪਾਰਟੀ ਹਾਈ ਕਮਾਨ ਦਿੱਲੀ ਦੀਆਂ ਚੋਣਾਂ ਪਿੱਛੋਂ ਕੋਈ ਵੱਡਾ ਅਹੁਦਾ ਦੇਣ ਵਾਲੀ ਹੈ।
ਇਹ ਵੀ ਚਰਚਾ ਹੈ ਕਿ ਕਾਂਗਰਸ ਹਾਈ ਕਮਾਨ ਆਪਣੀ ਯੋਜਨਾ ਮੁਤਾਬਕ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੂੰ ਪਾਰਟੀ ਦੇ ਚਿਹਰੇ ਵਜੋਂ ਪੇਸ਼ ਕਰੇਗੀ। ਭਾਵੇਂ ਸਿੱਧੂ ਨੇ ਮੀਡੀਆ ਅਤੇ ਸਿਆਸੀ ਸਰਗਰਮੀਆਂ ਤੋਂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦੂਰੀ ਬਣਾਈ ਹੋਈ ਹੈ ਪਰ ਉਹ ਹੁਣ ਦਿੱਲੀ ਦੀਆਂ ਚੋਣਾਂ ’ਚ ਸਟਾਰ ਪ੍ਰਚਾਰਕ ਵਜੋਂ ਕਾਂਗਰਸ ’ਚ ਮੁੜ ਆਪਣੀ ਨਵੀਂ ਪਾਰੀ ਸ਼ੁਰੂ ਕਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਨ ਨੇ ਸਿੱਧੂ ਨੂੰ ਮੰਤਰੀ ਦਾ ਅਹੁਦਾ ਛੱਡਣ ਪਿੱਛੋਂ ਯੋਜਨਾ ਅਧੀਨ ਕੁਝ ਸਮੇਂ ਲਈ ਚੁਪ ਕਰ ਬੈਠਣ ਲਈ ਕਿਹਾ ਸੀ। ਸਿੱਧੂ ਹੁਣ ਦਿੱਲੀ ਦੀਆਂ ਚੋਣਾਂ ਦੌਰਾਨ ਆਪਣੇ ਅੰਦਾਜ਼ ’ਚ ਧੂੰਆਂਧਾਰ ਪ੍ਰਚਾਰ ਨਾਲ ਕਾਂਗਰਸ ਪਾਰਟੀ ’ਚ ਆਪਣੀ ਸਥਿਤੀ ਮਜ਼ਬੂਤ ਕਰ ਸਕਦੇ ਹਨ।