ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਪੇਟ ਦੇ ਕੀੜੇ ਮਾਰ ਦਿਵਸ

Friday, Feb 09, 2018 - 03:04 PM (IST)

ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਪੇਟ ਦੇ ਕੀੜੇ ਮਾਰ ਦਿਵਸ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਿਹਤ ਵਿਭਾਗ ਵੱਲੋਂ ਰਾਸ਼ਟਰ ਪੱਧਰ ਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਰਾਸ਼ਟਰੀ ਪੇਟ ਦੇ ਕੀੜੇ ਮਾਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਵਸ 12 ਫਰਵਰੀ 2018 ਨੂੰ ਡਾ. ਸੁਖਪਾਲ ਸਿੰਘ ਬਰਾੜ ਸਿਵਲ ਸਰਜਨ ਦੀ ਪ੍ਰਧਾਨਗੀ 'ਚ ਮਨਾ ਰਹੇ ਹਨ। ਇਸ ਸਬੰਧੀ ਜ਼ਿਲੇ ਦੇ ਸਮੂਹ ਪ੍ਰੋਗ੍ਰਾਮ ਅਫ਼ਸਰ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਇਕ ਮੀਟਿੰਗ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਬੁਲਾਈ ਗਈ। 
ਇਸ ਸਬੰਧੀ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਦਿਨ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ 01 ਤੋ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬਿੰਡਾਜੋਲ ਦੀ ਗੋਲੀ (ਚਬਾ ਕੇ ਖਾਣ ਵਾਲੀ ਗੋਲੀ) ਖਵਾਈ ਜਾ ਰਹੀ ਹੈ। ਇਹ ਗੋਲੀ ਖਾਣਾ ਖਾਣ ਤੋਂ ਬਾਅਦ ਖੁਆਈ ਜਾਵੇਗੀ। ਇਸ ਨਾਲ ਬੱਚਿਆਂ ਨੂੰ ਪੇਟ ਦੇ ਕੀੜੇ ਹੋਣ ਕਾਰਨ ਉਸ ਤੋਂ ਹੋਣ ਵਾਲੇ ਨੁਕਸਾਨਾਂ ਤੋ ਬਚਾਇਆ ਜਾ ਸਕਦਾ ਹੈ। ਇਕ ਸਾਲ ਤੋਂ ਲੈ ਕੇ 2 ਸਾਲਾਂ ਤੱਕ ਦੇ ਬੱਚੇ ਨੂੰ 400 ਮਿਲੀਗ੍ਰਾਮ ਐਲਬਿੰਡਾਜੋਲ ਸੀਰਪ ਦੀ ਅੱਧੀ ਡੋਜ਼ ਅਤੇ 2 ਤੋਂ 19 ਸਾਲ ਤੱਕ ਕੇ ਬੱਚਿਆਂ ਨੂੰ ਐਲਬਿੰਡਾਜੋਲ ਦੀ ਇਕ ਗੋਲੀ ਖੁਆਈ ਜਾਵੇਗੀ। ਉਹਨਾਂ ਦੱਸਿਆ ਕਿ ਬੱਚੇ ਦੇ ਪੇਟ ਵਿਚ ਕੀੜੇ ਹੋਣ ਕਾਰਣ ਬੱਚੇ 'ਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ 'ਚ ਦਰਦ ਜਾਂ ਟੱਟੀ ਵਿਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ ਦਿਨ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ। ਡਾ ਬਰਾੜ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਐਲਬਿੰਡਾਜੋਲ ਦੀ ਗੋਲੀ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਇਸ ਦੇ ਲਈ ਅਧਿਆਪਿਕਾਂ ਅਤੇ ਆਂਗਣਵਾੜ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਜਿਹੜੇ ਬੱਚੇ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਬੱਚਿਆਂ ਨੂੰ 15 ਫਰਵਰੀ 2018 ਨੂੰ ਮੋਪ ਅੱਪ ਰਾਊਂਡ ਵਿੱਚ ਗੋਲੀਆਂ ਖੁਆਈਆਂ ਜਾਣਗੀਆਂ। ਗੁਰਤੇਜ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਧੋਣੇ ਚਾਹੀਦੇ ਹਨ, ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਨਹੀਂ ਰਹਿਣਾ ਚਾਹੀਦਾ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ।


Related News