NTA ਵੱਲੋਂ ਅਲਰਟ ਜਾਰੀ, ਸਾਵਧਾਨ ਰਹਿਣ ''ਨੀਟ'' ਦੇਣ ਵਾਲੇ ਲੱਖਾਂ ਵਿਦਿਆਰਥੀ
Tuesday, May 12, 2020 - 10:39 AM (IST)
ਲੁਧਿਆਣਾ (ਵਿੱਕੀ) : ਦੇਸ਼ ਦੀਆਂ ਮੈਡੀਕਲ ਵਿਦਿਅਕ ਸੰਸਥਾਵਾਂ 'ਚ ਐੱਮ. ਬੀ. ਬੀ. ਐੱਸ. ਦੇ ਦਾਖਲੇ ਲਈ ‘ਨੀਟ’ ਦੇਣ ਦੀ ਤਿਆਰੀ ਕਰ ਰਹੇ ਲਗਭਗ 15.93 ਲੱਖ ਵਿਦਿਆਰਥੀਆਂ ਲਈ ਨੈਸ਼ਨਲ ਟੈਸਟ ਏਜੰਸੀ (ਐੱਨ. ਟੀ. ਏ.) ਨੇ ਪੱਤਰ ਦੇ ਜ਼ਰੀਏ ਅਲਰਟ ਜਾਰੀ ਕੀਤਾ ਹੈ। ਇਸ 'ਚ ਨੀਟ ਦੇਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਫਰਜ਼ੀਵਾੜੇ ਤੋਂ ਸਾਵਧਾਨ ਕੀਤਾ ਗਿਆ ਹੈ। ਐੱਨ. ਟੀ. ਏ. ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰੀਖਿਆ ਤਿਆਰੀ ਤੋਂ ਇਲਾਵਾ ‘ਨੀਟ’ ਨੂੰ ਲੈ ਕੇ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਫਰਜ਼ੀ ਫੋਨ ਕਾਲ ਤੋਂ ਸਾਵਧਾਨ ਰਹਿਣਾ ਹੋਵੇਗਾ।
ਐੱਨ. ਟੀ. ਏ. ਦੇ ਡਾਇਰੈਕਟਰ ਡਾ. ਵਿਨੀਤ ਜੋਸ਼ੀ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਏਜੰਸੀ ਨੂੰ ਪਤਾ ਲੱਗਾ ਹੈ ਕਿ ਕਈ ਵਿਦਿਆਰਥੀਆਂ ਨੂੰ ਫੋਨ, ਐੱਸ. ਐੱਮ. ਐੱਸ. ਜਾਂ ਈ-ਮੇਲ ਆ ਰਹੇ ਹਨ, ਜਿਸ 'ਚ ਉਨ੍ਹਾਂ ਦੀ ਐਪਲੀਕੇਸ਼ਨ ਜਾਂ ਕਈ ਹੋਰ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ ਪਰ ਇਹ ਸਭ ਫਰਜ਼ੀ ਹਨ ਕਿਉਂਕਿ ਐੱਨ. ਟੀ. ਏ. ਵਿਦਿਆਰਥੀ ਤੋਂ ਕਾਲ ਜਾਂ ਈ-ਮੇਲ ਜ਼ਰੀਏ ਕੋਈ ਵੀ ਜਾਣਕਾਰੀ ਨਹੀਂ ਮੰਗਦਾ। ਵਿਦਿਆਰਥੀਆਂ ਨੂੰ ਦੱਸਿਆ ਗਿਆ ਹੈ ਕਿ ਏਜੰਸੀ ਇਸ ਤਰ੍ਹਾਂ ਦਾ ਫਰਜ਼ੀਵਾੜਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਨੀਟ ਨਾਲ ਜੁੜੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਐੱਨ. ਟੀ. ਏ. ਦੀ ਅਧਿਕਾਰਿਕ ਵੈੱਬਸਾਈਟ ’ਤੇ ਸਰਚ ਕਰਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਦਿਆਰਥੀ ਇਸ ਤਰ੍ਹਾਂ ਦੇ ਕਿਸੇ ਫੋਨ ਜਾਂ ਮੈਸੇਜ ਦਾ ਰਿਪਲਾਈ ਵੀ ਨਾ ਕਰਨ।