ਨੈਸ਼ਨਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਬਰਨਾਲਾ ਦੇ ਨੌਜਵਾਨ ਨੇ ਜਿੱਤਿਆ ਸੋਨ ਤਗਮਾ

Thursday, Sep 23, 2021 - 03:38 PM (IST)

ਨੈਸ਼ਨਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਬਰਨਾਲਾ ਦੇ ਨੌਜਵਾਨ ਨੇ ਜਿੱਤਿਆ ਸੋਨ ਤਗਮਾ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਤਲੰਗਾਨਾ ਵਿਖੇ ਹੋਈ ਨੈਸ਼ਨਲ ਓਪਨ ਅਥਲੈਟਿਕ ਚੈਂਪੀਅਨਸ਼ਿਪ ’ਚ ਹੈਮਰ ਥਰੋ ਵਿੱਚ ਗੋਲਡ ਮੈਡਲਿਸਟ ਜਿੱਤਣ ਵਾਲੇ ਬਰਨਾਲਾ ਦੇ ਐੱਸ.ਐੱਸ.ਡੀ. ਕਾਲਜ ਦੇ ਵਿਦਿਆਰਥੀ ਦਮਨੀਤ ਸਿੰਘ ਦਾ ਕਾਲਜ ਵਿਖੇ ਪੁੱਜਣ ਤੇ ਸਭਾ ਦੇ ਸਰਪ੍ਰਸਤ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਅਤੇ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਦੀ ਅਗਵਾਈ ਹੇਠ  ਸ਼ਾਨਦਾਰ ਸਵਾਗਤ ਕੀਤਾ ਗਿਆ।ਐੱਸ.ਐੱਸ.ਡੀ. ਕਾਲਜ ਦੇ ਗੇਟ ਤੋਂ ਢੋਲ ਦੀ ਥਾਪ ਤੇ ਦਮਨੀਤ ਸਿੰਘ ਨੂੰ ਸ਼ਹਿਰ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕਾਲਜ ਦੇ ਵਿਹੜੇ ਵਿੱਚ ਲਿਜਾਇਆ ਗਿਆ ਅਤੇ ਉੱਥੇ ਉਸ ਤੋਂ ਇਕ ਦਰੱਖਤ ਵੀ ਲਗਵਾਇਆ ਗਿਆ।

ਮੇਰਾ ਟੀਚਾ ਓਲੰਪਿਕ ਵਿੱਚ ਮੈਡਲ ਜਿੱਤਣ ਦਾ : ਦਮਨੀਤ ਸਿੰਘ  
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦਮਨੀਤ ਸਿੰਘ ਨੇ ਕਿਹਾ ਕਿ ਉਸ ਨੇ 2012 ਵਿੱਚ ਹੈਮਰ ਖੇਡਣਾ ਸ਼ੁਰੂ ਕੀਤਾ ਸੀ ਅਤੇ ਅੱਜ 9 ਸਾਲਾਂ ਦੀ ਮਿਹਨਤ ਮਗਰੋਂ ਉਹ ਇਸ ਮੁਕਾਮ ਤੇ ਪੁੱਜਿਆ ਹੈ ਅਤੇ ਮੇਰਾ ਅਗਲਾ ਟੀਚਾ ਅਗਲੇ ਸਾਲ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਵਿੱਚ ਤਗ਼ਮਾ ਜਿੱਤਣ ਦਾ ਹੈ।ਇਕ ਸਵਾਲ ਦੇ ਜਆਬ ਵਿੱਚ ਉਸ ਨੇ ਕਿਹਾ ਕਿ ਮੇਰੇ ਪਿਤਾ ਬਲਦੇਵ ਸਿੰਘ ਅਤੇ ਮੇਰੇ ਕੋਚ ਡਾ.ਸੁਖਰਾਜ ਸਿੰਘ ਦੀ ਆਪਸ ਵਿੱਚ ਦੋਸਤੀ ਸੀ ਅਤੇ ਉਨ੍ਹਾਂ ਦੇ ਕਹਿਣ ਤੇ ਹੀ ਮੈਂ ਹੈਮਰ ਖੇਡਣਾ ਸ਼ੁਰੂ ਕੀਤਾ ਕਿਉਂਕਿ ਮੈਨੂੰ ਪਹਿਲਾਂ ਹੈਮਰ ਬਾਰੇ ਕੋਈ ਜਾਣਕਾਰੀ ਨਹੀਂ ਸੀ।ਦਮਨੀਤ ਨੇ ਕਿਹਾ ਕਿ ਇਕ ਐਥਲੀਟ ਲਈ ਸਨਮਾਨ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਅਤੇ ਜੋ ਸਨਮਾਨ ਮੈਨੂੰ ਅੱਜ ਐੱਸ.ਐੱਸ.ਡੀ. ਕਾਲਜ ਵਿੱਚੋਂ ਮਿਲਿਆ ਹੈ,ਇਸ ਨੇ ਮੈਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਭਵਿੱਖ ਵਿੱਚ ਮੈਂ ਹੋਰ ਵੀ ਤਗ਼ਮੇ ਲਿਆ ਕੇ ਆਪਣੇ ਸ਼ਹਿਰ ਵਾਸੀਆਂ ਦੀ ਝੋਲੀ ਵਿਚ ਪਾਵਾਂਗਾ।

ਜ਼ਿਕਰਯੋਗ ਹੈ ਕਿ ਦਮਨੀਤ ਸਿੰਘ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2017 ’ਚ ਸਿਲਵਰ ਮੈਡਲ ਅਤੇ ਏਸ਼ੀਅਨ ਖੇਡਾਂ ਦਾ ਸਿਲਵਰ ਮੈਡਲ ਜਿੱਤ ਚੁੱਕਿਆ ਹੈ। 18 ਸੰਤਬਰ 2021 ਨੂੰ 60ਵੀਆਂ ਨੈਸ਼ਨਲ ਓਪਨ ਐਥਲੈਟਿਕਸ ਚੈਪੀਂਅਨਸਿਪ ਜੋ ਕਿ ਤੇਲੰਗਾਨਾ ਵਿਖੇ ਸੰਪਨ ਹੋਈ ਹੈ, ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ, ਪੰਜਾਬ ਆਪਣੇ ਮਾਪਿਆਂ, ਕੋਚ ਡਾ ਸੁਖਰਾਜ ਸਿੰਘ, ਐੱਸ.ਐੱਸ.ਡੀ. ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਦਮਨੀਤ ਦੇ ਪਿਤਾ ਬਲਦੇਵ ਸਿੰਘ ਜੋ ਪੋਲਵਾਲਟ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਚੁੱਕੇ ਹਨ ਨੇ ਦੱਸਿਆ ਕਿ ਦਮੜੀ ਦੇ ਕੋਚ ਡਾ.ਸੁਖਰਾਜ ਸਿੰਘ ਜੋ ਹੈਮਰ ਵਿੱਚ ਪੀ.ਐਚ.ਡੀ. ਹਨ,ਉਨ੍ਹਾਂ ਨੇ ਦਮਨੀਤ ਵਿੱਚ ਲੁਕੀ ਹੋਈ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਹੈਮਰ ਥ੍ਰੋਅ ਵਿੱਚ ਆਉਣ ਲਈ ਪ੍ਰੇਰਿਤ ਕੀਤਾ।

ਦਮਨੀਤ ਨੇ ਇਲਾਕੇ ਦਾ ਨਾਂ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ : ਸ਼ਿਵਦਰਸ਼ਨ ਸ਼ਰਮਾ  
ਸਭਾ ਦੇ ਸਰਪ੍ਰਸਤ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਕਿਹਾ ਕਿ ਦਮਨੀਤ ਨੇ ਸੋਨ ਤਗ਼ਮਾ ਜਿੱਤ ਕੇ ਸ਼ਹਿਰ ਦਾ ਨਾਂ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ ਅਤੇ ਸਾਨੂੰ ਅੱਜ ਇਸ ਨੂੰ ਸਨਮਾਨਤ ਕਰਨ ਵਿੱਚ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਕਾਲਜ ਦੇ ਹਰੇਕ ਵਿਦਿਆਰਥੀ ਨਾਲ ਐੱਸ. ਡੀ. ਸਭਾ (ਰਜਿ.) ਬਰਨਾਲਾ ਨਾਲ ਖੜੀ ਹੈ ਕਾਲਜ ਵਿੱਚ ਦਮਨੀਤ ਵਰਗੇ ਹੋਰ ਖਿਡਾਰੀ ਵੀ ਪੈਦਾ ਕੀਤੇ ਜਾਣਗੇ ਤਾਂ ਜੋ ਆਪਣੇ ਮਾਪਿਆਂ ਕਾਲਜ ਅਤੇ ਦੇਸ਼ ਦਾ ਨਾ ਰੌਸ਼ਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਮੈਨੂੰ ਯਕੀਨ ਹੈ ਕਿ ਇਹ ਬੱਚਾ ਕਾਲਜ ਦੇ ਪੱਖੀ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੇਗਾ ਅਤੇ ਹੋਰ ਬਹੁਤ ਸਾਰੇ ਤਗਮੇ ਜਿੱਤ ਕੇ ਸ਼ਹਿਰ ਦਾ ਨਾਂ ਉੱਚਾ ਕਰੇਗਾ।   

ਐੱਸ.ਡੀ. ਸਭਾ ਦੇ ਚੇਅਰਮੈਨ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਵੱਲੋਂ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਕੋਚ ਡਾ. ਸੁਖਰਾਜ ਬੱਲ ਜੀ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਦਮਨੀਤ ਦੇ ਪਿਤਾ ਜੀ ਦਾ ਮੂੰਹ ਮਿੱਠਾ ਕਰਵਾਇਆ ਤੇ ਸਨਮਾਨ ਵਜੋ ਲੋਈ ਭੇਟ ਕੀਤੀ ਅਤੇ ਸਮੂਹ ਵਿਦਿਆਰਥੀਆਂ ਵਿੱਚ ਲੱਡੂ ਵੰਡ ਕੇ ਖੁਸੀ ਇਜ਼ਹਾਰ ਕੀਤਾ।

ਐੱਸ. ਡੀ. ਸਭਾ ਦੇ ਚੇਅਰਮੈਨ, ਜਨਰਲ ਸਕੱਤਰ ਅਤੇ ਸਭਾ ਮੈਂਬਰ ਅਨਿਲ ਨਾਣਾ , ਵਿਜੇ ਕੁਮਾਰ ਜੀ, ਜਤਿੰਦਰ ਜਿੰਮੀ, ਸੁਰਿੰਦਰ ਕੁਮਾਰ, ਜਤਿੰਦਰ ਗੋਇਲ, ਸੁਰੇਸ਼ ਥਾਪਰ, ਪਰਵੀਨ ਕੁਮਾਰ ਵੱਲੋਂ ਦੁਆਰਾ ਦਮਨੀਤ ਅਤੇ ਉਨ੍ਹਾਂ ਦੇ ਪਿਤਾ ਜੀ ਤੋਂ ਕਾਲਜ ਵਿਖੇ ਬੂਟੇ ਲਗਾਏ ਗਏ।ਅਖੀਰ ਵਿੱਚ ਸਭਾ ਦੇ ਮੈਂਬਰ ਵਿਵੇਕ ਸਿੰਧਵਾਨੀ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦਲਿਤ ਨੂੰ ਯਕੀਨ ਦਿਵਾਇਆ ਕਿ ਸਭਾ ਹਰ ਵੇਲੇ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।


author

Shyna

Content Editor

Related News