ਮੋਦੀ ਦੇ ਨਾਂ ''ਤੇ ਬਣਿਆ ਫੇਸਬੁਕ ਪੇਜ, ਪ੍ਰਸਿੱਧ ਭਾਜਪਾਈ ਕਰ ਰਹੇ ਹਨ ਸ਼ੇਅਰ
Thursday, Oct 03, 2019 - 01:53 PM (IST)
ਖੰਨਾ (ਕਮਲ, ਸ਼ਾਹੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਇਕ ਹਾਲ ਹੀ 'ਚ ਫੇਸਬੁੱਕ ਪੇਜ ਬਣਾਇਆ ਗਿਆ ਹੈ, ਜਿਸ 'ਚ ਪ੍ਰਧਾਨ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਦੇ ਹੋਏ ਧੜਾ-ਧੜਾ ਇਤਰਾਜ਼ਯੋਗ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਇਕ ਹੋਰ ਮਜ਼ੇਦਾਰ ਗੱਲ ਸਾਹਮਣੇ ਆਈ ਹੈ ਕਿ ਇਸ ਨੂੰ ਪ੍ਰਸਿੱਧ ਭਾਜਪਾ ਨੇਤਾ ਸ਼ੇਅਰ ਕਰ ਰਹੇ ਹਨ। ਦੱਸ ਦਈਏ ਕਿ ਖੰਨੇ ਦੇ ਭਾਜਪਾ ਕੌਂਸਲਰ ਸੁਧੀਰ ਸੋਨੂ ਨੇ ਇਸ ਪੇਜ ਦੀ ਜਦੋਂ ਇਕ ਪੋਸਟ ਸ਼ੇਅਰ ਕੀਤੀ ਤਾਂ ਸੋਸ਼ਲ ਮੀਡੀਆ 'ਤੇ ਇਸ ਪੇਜ ਦੀ ਖੂਬ ਚਰਚਾ ਹੋਣ ਲੱਗੀ। ਇਸ ਪੋਸਟ 'ਚ ਨਰਿੰਦਰ ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਪੁਤੀਨ ਨਾਲ ਗੱਲਬਾਤ ਕਰਦੇ ਵਿਖਾਇਆ ਗਿਆ, ਜਿਨ੍ਹਾਂ ਦੇ ਠੀਕ ਸਾਹਮਣੇ ਫੋਟੋ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਸਲਾਖਾਂ ਦੇ ਪਿੱਛੇ ਵਿਖਾਈ ਦੇ ਰਹੇ ਹਨ। ਪੋਸਟ 'ਚ ਨਰਿੰਦਰ ਮੋਦੀ ਨੂੰ ਪੁਤਿਨ ਨੂੰ ਸੰਬੋਧਨ ਕਰਦੇ ਹੋਏ ਇਹ ਕਹਿੰਦੇ ਵਿਖਾਇਆ ਗਿਆ ਹੈ ਕਿ ਜੋ ਚੌਕੀਦਾਰ ਨੂੰ ਚੋਰ ਕਹਿ ਰਹੇ ਸਨ ਉਹ ਆਪਣੇ ਆਪ ਚੋਰ ਨਿਕਲੇ। ਇਸ ਸ਼ਬਦਾਵਲੀ 'ਚ ਜੋ 'ਇਤਰਾਜ਼ਯੋਗ ਸ਼ਬਦ' ਪ੍ਰਯੋਗ ਕੀਤਾ ਗਿਆ ਹੈ ਉਸ ਤੋਂ ਨਹੀਂ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਪਣਾ ਫੇਸਬੁਕ ਪੇਜ ਹੋਵੇਗਾ ਅਤੇ ਉਨ੍ਹਾਂ ਨੇ ਇੰਨੀ ਘਟੀਆ ਸ਼ਬਦਾਵਲੀ ਦੀ ਪੋਸਟ ਪਾਈ ਹੋਵੇਗੀ।
ਇਸ ਫੇਸਬੁਕ ਪੇਜ 'ਤੇ ਦਿੱਤੇ ਨੰਬਰ ਵਾਲੇ ਨੇ ਕਿਹਾ ਮੈਂ ਨਹੀਂ ਬਣਾਇਆ ਪੇਜ
ਇਸ ਫੇਸਬੁਕ ਪੇਜ 'ਤੇ ਦਿੱਤੇ ਗਏ ਐਡਮਿਨ. ਦੇ ਨੰਬਰ 'ਤੇ ਜਦੋਂ ਫੋਨ ਕੀਤਾ ਗਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਪੇਜ ਉਸ ਨੇ ਨਹੀਂ ਬਣਾਇਆ। ਫੇਸਬੁਕ ਪੇਜ 'ਤੇ ਪੇਜ ਵਾਲਿਆਂ ਦਾ ਜੋ ਇੰਟਰਨੈੱਟ ਸਾਈਟ ਦਾ ਪਤਾ ਦਿੱਤਾ ਗਿਆ ਹੈ। ਉਸ 'ਤੇ ਜੋ ਆਫੀਸ਼ੀਅਲ ਇੰਟਰਨੈੱਟ ਸਾਈਟ ਦਿੱਤੀ ਗਈ ਹੈ ਉਸ ਦਾ ਪਤਾ ਮਿਸ਼ਨ ਬੀਜੇਪੀ-2019 ਦਿੱਤਾ ਗਿਆ ਹੈ।
ਸੁਧੀਰ ਸੋਨੂ ਨੇ ਕਿਹਾ ਫੈਨਜ਼ ਦਾ ਪੇਜ ਹੈ ਪਰ ਵਰਸ਼ਨ ਦੇਣ ਦੇ ਬਾਅਦ ਤੁਰੰਤ ਕੀਤਾ ਡਿਲੀਟ
ਇਸ ਬਾਰੇ ਜਦੋਂ ਕੌਂਸਲਰ ਸੁਧੀਰ ਸੋਨੂ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਮੰਨਿਆ ਕਿ ਮੋਦੀ ਪੇਜ ਦੀ ਪੋਸਟ ਉਸ ਨੇ ਸ਼ੇਅਰ ਕੀਤੀ ਸੀ ਅਤੇ ਕਿਹਾ ਕਿ ਇਹ ਪੇਜ ਪ੍ਰਧਾਨ ਮੰਤਰੀ ਮੋਦੀ ਦਾ ਆਪਣਾ ਪੇਜ ਨਹੀਂ ਸਗੋਂ ਉਸ ਦੇ ਫੈਨਜ਼ ਦਾ ਬਣਾਇਆ ਗਿਆ ਹੈ। ਜਦੋਂ ਉਸ ਨੂੰ ਦੱਸਿਆ ਗਿਆ ਕਿ ਤੁਹਾਡੇ ਪੇਜ 'ਤੇ ਵਿਖਾਇਆ ਜਾ ਰਿਹਾ ਹੈ ਕਿ ਤੁਸੀਂ ਨਰਿੰਦਰ ਮੋਦੀ ਦੀ ਪੋਸਟ ਸ਼ੇਅਰ ਕੀਤੀ ਹੈ ਨਾ ਕਿ ਉਸ ਦੇ ਫੈਨਜ਼ ਦੀ ਕੀਤੀ ਤਾਂ ਆਪਣੀ ਗੱਲ ਖਤਮ ਕਰਨ ਦੇ ਤੁਰੰਤ ਬਾਅਦ ਉਸ ਨੇ ਜੋ ਪੋਸਟ ਸ਼ੇਅਰ ਕੀਤੀ ਸੀ ਉਸ ਨੂੰ ਡਿਲੀਟ ਕਰ ਦਿੱਤਾ। ਡਿਲੀਟ ਕਰਨ ਦੇ ਬਾਅਦ ਫਿਰ ਤੋਂ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਤੇ ਕੋਈ ਲਫੜਾ ਨਾ ਹੋ ਜਾਵੇ ਇਸ ਲਈ ਡਿਲੀਟ ਕਰ ਦਿੱਤਾ।
ਖੰਨਾ ਦੇ ਕੌਂਸਲਰ ਸੁਧੀਰ ਸੋਨੂ ਦੇ ਫੇਸਬੁਕ 'ਤੇ ਕੀਤੀ ਗਈ ਸ਼ੇਅਰ ਪੋਸਟ ਜੋ ਬਾਅਦ ਵਿਚ ਡਿਲੀਟ ਕਰ ਦਿੱਤੀ ਗਈ।