ਇਕ ਪਰਿਵਾਰ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਮਰਨ ਦੀ ਇਜਾਜ਼ਤ

Thursday, Feb 01, 2018 - 02:01 AM (IST)

ਇਕ ਪਰਿਵਾਰ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਮਰਨ ਦੀ ਇਜਾਜ਼ਤ

ਫਿਰੋਜ਼ਪੁਰ(ਕੁਮਾਰ, ਆਵਲਾ)- ਕਸਬਾ ਗੁਰੂਹਰਸਹਾਏ ਦੇ ਇਕ ਬੇਵੱਸ ਤੇ ਗਰੀਬ ਪਰਿਵਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਭੇਜ ਕੇ ਸਵੈਇੱਛਤ ਮਰਨ ਦੀ ਇਜਾਜ਼ਤ ਮੰਗੀ ਹੈ ਤੇ ਕਿਹਾ ਕਿ ਜਾਂ ਤਾਂ ਸਾਨੂੰ ਆਪਣੀ ਇੱਛਾ ਅਨੁਸਾਰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਫਿਰ ਪਰਿਵਾਰ 'ਤੇ ਮਿਹਰ ਕਰਦਿਆਂ ਆਰਥਿਕ ਮਦਦ, ਰੋਜ਼ਗਾਰ ਤੇ ਘਰ ਦੇ ਦਿਉ, ਜਿਸ ਨਾਲ ਅਪਾਹਜ ਬੱਚਿਆਂ ਦਾ ਭਵਿੱਖ ਠੀਕ ਤਰੀਕੇ ਨਾਲ ਗੁਜ਼ਰ ਜਾਵੇ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਮਨੋਹਰ ਲਾਲ ਪੁੱਤਰ ਬੂੜ ਚੰਦ ਵਾਸੀ ਗੁਰੂਹਰਸਹਾਏ ਨੇ ਲਿਖਿਆ ਹੈ ਕਿ ਉਸ ਦੇ ਤਿੰਨ ਬੱਚੇ ਹਨ, ਜੋ ਬਚਪਨ ਤੋਂ ਹੀ ਅਪਾਹਜ ਹਨ। ਜਦ ਬੱਚੇ ਛੋਟੇ ਸਨ ਤਾਂ ਉਨ੍ਹਾਂ ਨੂੰ ਚੁੱਕ ਕੇ ਲਿਜਾਇਆ ਕਰਦੇ ਸੀ ਤੇ ਉਨ੍ਹਾਂ ਨੂੰ ਸੰਭਾਲਦੇ, ਖਾਣਾ ਖਿਆਉਂਦੇ, ਨਹਾਉਂਦੇ ਤੇ ਡਾਕਟਰਾਂ ਆਦਿ ਦੇ ਕੋਲ ਲਿਜਾਂਦੇ ਸਾਰਾ ਦਿਨ ਨਿਕਲ ਜਾਂਦਾ ਸੀ, ਜਿਸ ਕਾਰਨ ਕੰਮ ਕਰਨ ਤੇ ਰੋਜ਼ੀ ਰੋਟੀ ਕਮਾਉਣ ਦਾ ਵਕਤ ਹੀ ਨਹੀਂ ਮਿਲਦਾ ਸੀ। ਫਿਰ ਵੀ ਇਨ੍ਹਾਂ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਨਾਲ ਪਾਲਣ-ਪੋਸ਼ਣ ਕਰ ਕੇ ਵੱਡਾ ਕੀਤਾ। ਹੁਣ ਬੱਚੇ ਵੱਡੇ ਹੋ ਗਏ ਹਨ ਤੇ ਅਸੀਂ ਖੁਦ ਬੁੱਢੇ ਹੋ ਗਏ ਹਾਂ। ਹੁਣ ਬੱਚਿਆਂ ਨੂੰ ਚੁੱਕ ਕੇ ਇਧਰ ਤੋਂ ਉਧਰ ਨਹੀਂ ਕੀਤਾ ਜਾ ਸਕਦਾ ਤੇ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਹੈ। 
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਪਾਹਜ ਬੱਚਿਆਂ ਨੂੰ ਘਰ 'ਚ ਇਕੱਲਾ ਛੱਡ ਕੇ ਜਾਣਾ ਸੰਭਵ ਨਹੀਂ ਹੈ, ਜਿਸ ਕਾਰਨ ਸਾਰਾ ਪਰਿਵਾਰ ਬੇਵੱਸ ਤੇ ਲਾਚਾਰ ਹੈ ਅਤੇ ਜ਼ਿੰਦਗੀ 'ਚ ਕੋਈ ਅਜਿਹਾ ਪਲ ਨਹੀਂ, ਜੋ ਸਾਡੇ ਪਰਿਵਾਰ ਨੇ ਖੁਸ਼ੀ 'ਚ ਗੁਜ਼ਾਰਿਆ ਹੈ। ਅਜਿਹੇ 'ਚ ਸਾਡੇ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਅਸੀਂ ਮੌਤ ਨੂੰ ਅਪਣਾ ਲਈਏ ਜਾਂ ਫਿਰ ਸਰਕਾਰ ਤੇ ਪ੍ਰਸ਼ਾਸਨ ਸਾਡੀ ਆਰਥਿਕ ਮਦਦ ਕਰੇ ਤੇ ਕੋਈ ਵੀ ਰੋਜ਼ਗਾਰ ਉਪਲੱਬਧ ਕਰਵਾਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਘਰ, ਰੋਜ਼ਗਾਰ ਆਦਿ ਕੁਝ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਖੁਦ ਨੂੰ ਤੇ ਆਪਣੇ ਬੱਚਿਆਂ ਨੂੰ ਮਾਰਨਾ ਬਹੁਤ ਮੁਸ਼ਕਲ ਹੈ ਪਰ ਰੋਜ਼-ਰੋਜ਼ ਹਰ ਪਾਲ ਮਰਨ ਨਾਲੋਂ ਉਹ ਮੌਤ ਕੁਝ ਆਸਾਨ ਲੱਗਦੀ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਸਾਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਸਾਡੀ ਈਮਾਨਦਾਰੀ ਨਾਲ ਮਦਦ ਕੀਤੀ ਜਾਵੇ। 
ਸਾਲ 2006 'ਚ 'ਪੰਜਾਬ ਕੇਸਰੀ' ਤੇ 'ਜਗ ਬਾਣੀ' 'ਚ ਖਬਰ ਛਪਣ ਤੋਂ ਬਾਅਦ ਸਰਕਾਰ ਨੇ ਲਾਈ ਸੀ ਅਪਾਹਜ ਬੱਚਿਆਂ ਦੀ ਪੈਨਸ਼ਨ : ਮਨੋਹਰ ਲਾਲ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬੱਚਿਆਂ ਦੀ ਪੈਨਸ਼ਨ ਦੀ ਗੁਹਾਰ ਲਾਈ ਸੀ ਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੱਕ ਨੂੰ ਚਿੱਠੀਆਂ ਲਿਖੀਆਂ ਸਨ ਪਰ ਕਿਸੇ ਨੇ ਕੁਝ ਨਹੀਂ ਕੀਤਾ ਪਰ ਜਿਵੇਂ ਹੀ ਸਾਡੀ ਖਬਰ 'ਪੰਜਾਬ ਕੇਸਰੀ' ਤੇ 'ਜਗ ਬਾਣੀ' 'ਚ ਪ੍ਰਕਾਸ਼ਿਤ ਹੋਈ, ਉਵੇਂ ਹੀ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੇ ਸਾਡੇ ਅਪਾਹਜ ਬੱਚਿਆਂ ਦੀ ਪੈਨਸ਼ਨ ਲਗਾ ਦਿੱਤੀ। 


Related News