ਕੀ ਹਰਿਆਣਾ ''ਚ ਘਟਿਆ ਮੋਦੀ ਦਾ ਕ੍ਰੇਜ਼

10/22/2019 5:06:32 PM

* 2014 'ਚ ਵਿਧਾਨ ਸਭਾ ਚੋਣਾਂ 'ਚ 76 ਫੀਸਦੀ ਵੋਟਿੰਗ
* 2019 ਵਿਚ ਆਮ ਚੋਣ 'ਚ 70.65 ਫੀਸਦੀ ਵੋਟਿੰਗ
* 2019 ਵਿਚ ਵਿਧਾਨ ਸਭਾ ਚੋਣ ਵਿਚ 64.64 ਫੀਸਦੀ ਵੋਟਿੰਗ

ਜਲੰਧਰ (ਜ. ਬ.) : ਚੋਣ ਦੌਰਾਨ ਹਰ ਮੰਚ ਤੋਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਲੋਕਾਂ 'ਤੇ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ। 2014 ਦੀਆਂ ਵਿਧਾਨ ਸਭਾ ਚੋਣਾਂ 'ਚ ਦਿਸਿਆ ਪੀ. ਐੱਮ. ਮੋਦੀ ਦਾ ਕ੍ਰੇਜ਼ ਹਾਲ ਹੀ 'ਚ ਹੋਈਆਂ ਲੋਕਸਭਾ ਚੋਣਾਂ ਅਤੇ ਹੁਣ ਹੋਈਆਂ ਵਿਧਾਨ ਸਭਾ ਚੋਣਾਂ 2019 'ਚ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵੋਟਿੰਗ ਦੀ ਅਪੀਲ ਦੇ ਬਾਵਜੂਦ ਹਰਿਆਣਾ 'ਚ ਵੋਟ ਫੀਸਦੀ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ। 2014 ਵਿਧਾਨ ਸਭਾ ਚੋਣਾਂ 'ਚ ਜਿਥੇ ਹਰਿਆਣਾ ਦੀ ਜਨਤਾ ਨੇ 76 ਫੀਸਦੀ ਵੋਟਾਂ ਪਾਈਆਂ ਸਨ, ਉਥੇ ਮਈ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਵੋਟਾਂ ਪਾਉਣ ਦਾ ਅੰਕੜਾ ਡਿੱਗ ਕੇ ਲਗਭਗ 70 ਫੀਸਦੀ 'ਤੇ ਪਹੁੰਚ ਗਿਆ।

14ਵੀਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਫੀਸਦੀ ਨੇ ਹਰਿਆਣਾ ਹੀ ਨਹੀਂ, ਸਗੋਂ ਦੇਸ਼ ਨੂੰ ਵੀ ਹੈਰਾਨ ਕਰ ਦਿੱਤਾ ਹੈ, ਜਿਸ ਹਰਿਆਣਾ ਦੀ ਜਨਤਾ ਨੇ 2014 'ਚ 74 ਫੀਸਦੀ ਵੋਟਾਂ ਪਾਈਆਂ, ਉਥੇ ਠੀਕ ਹੀ 5 ਸਾਲ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀ 12 ਫੀਸਦੀ ਜਨਤਾ ਨੇ ਵੋਟਾਂ ਪਾਉਣ ਤੋਂ ਦੂਰੀ ਬਣਾ ਲਈ ਅਤੇ ਇਹ ਅੰਕੜਾ ਡਿੱਗ ਕੇ ਸਿਰਫ 65 ਫੀਸਦੀ ਦੇ ਨੇੜੇ-ਤੇੜੇ ਰਹਿ ਗਿਆ। 1 ਕਰੋੜ 83 ਲੱਖ ਵੋਟਰ ਹੋਣ ਦੇ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਹਰਿਆਣਾ 'ਚ ਇਸ ਵਾਰ ਬੰਪਰ ਵੋਟਾਂ ਪੈਣਗੀਆਂ ਅਤੇ ਸੂਬੇ ਦੀ ਜਨਤਾ ਆਪਣੇ ਪਿਛਲੇ ਸਾਰੇ ਰਿਕਾਰਡ ਤੋੜੇਗੀ ਪਰ ਅਜਿਹਾ ਨਹੀਂ ਹੋਇਆ। ਚੋਣ ਕਮਿਸ਼ਨ ਨੂੰ ਵੀ ਵੱਡੀਆਂ ਤਿਆਰੀਆਂ ਦੇ ਬਾਵਜੂਦ ਨਿਰਾਸ਼ਾ ਹੱਥ ਲੱਗੀ। 12 ਫੀਸਦੀ ਘੱਟ ਪੋਲਿੰਗ ਇਹ ਦਰਸਾਉਂਦੀ ਹੈ ਕਿ ਹਰਿਆਣਾ ਦੀ ਜਨਤਾ ਨੇ ਪੋਲਿੰਗ 'ਚ ਰੁਚੀ ਨਹੀਂ ਦਿਖਾਈ ਜੋ ਕਿਤੇ ਨਾ ਕਿਤੇ ਲੋਕਤੰਤਰ ਲਈ ਚੰਗੇ ਸੰਕੇਤ ਨਹੀਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸੂਬੇ 'ਚ ਹੁਣ ਪੀ. ਐੱਮ. ਮੋਦੀ ਦਾ ਕ੍ਰੇਜ਼ ਵੀ ਘੱਟ ਹੁੰਦਾ ਜਾ ਰਿਹਾ ਹੈ।


Anuradha

Content Editor

Related News