ਵਿਗਿਆਨ ਦੀ ਬਦੌਲਤ ਕਿਸਾਨਾਂ ਦੀ ਕਰਨੀ ਹੋਵੇਗੀ ਮਦਦ: ਮੋਦੀ
Thursday, Jan 03, 2019 - 02:34 PM (IST)
ਜਲੰਧਰ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐੱਲ. ਪੀ. ਯੂ. ਕੈਂਪਸ 'ਚ 5 ਦਿਨਾ ਵਿਸ਼ਾਲ ਇੰਡੀਅਨ ਸਾਇੰਸ ਕਾਂਗਰਸ-2019 ਦਾ ਸ਼ੁੱਭ-ਆਰੰਭ ਕਰਨ ਲਈ ਜਲੰਧਰ ਪਹੁੰਚੇ। ਉਨ੍ਹਾਂ ਦੇ ਆਉਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਕਰੀਬ 30 ਹਜ਼ਾਰ ਦੇਸ਼-ਵਿਦੇਸ਼ ਤੋਂ ਆਏ ਵਿਗਿਆਨੀਆਂ ਸਮੇਤ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਮੌਕੇ ਭਾਰਤ ਅਤੇ ਹੋਰ ਦੇਸ਼ਾਂ ਦੇ ਟਾਪ ਸਿੱਖਿਅਕ ਸੰਸਥਾਨਾਂ, ਇੰਡਸਟਰੀ ਅਤੇ ਸਬੰਧਤ ਖੇਤਰਾਂ ਤੋਂ ਸਾਇੰਸ ਸਮੁਦਾਇ ਦੇ ਵੱਖ-ਵੱਖ ਖੇਤਰਾਂ ਤੋਂ 15,000 ਪ੍ਰਤੀਨਿਧੀਆਂ ਅਤੇ ਹੋਰ ਹਜ਼ਾਰਾਂ ਲੋਕਾਂ ਦਾ ਵਿਸ਼ਾਲ ਸਮੁੰਦਰ ਕੈਂਪਸ 'ਚ ਉਮੜਿਆ।
ਇਸ ਮੌਕੇ ਮੋਦੀ ਨੇ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਇੰਡੀਆ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਜੇ ਕਾਫੀ ਕੁਝ ਕਰਨ ਦੀ ਲੋੜ ਹੈ। ਅੱਜ ਦੇ ਯੁੱਗ ਦੀ ਮੰਗ ਹੈ ਕਿ ਵਿਗਿਆਨਕ ਤਕਨੀਕਾਂ ਦੀ ਮਦਦ ਨਾਲ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਦੀ ਬਦੌਲਤ ਕਿਸਾਨਾਂ ਦੀ ਮਦਦ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ 'ਚ ਹਰ ਸਮੱਸਿਆ ਦਾ ਹੱਲ ਲੁੱਕਿਆ ਹੋਇਆ ਹੈ ਅਤੇ ਸਾਨੂੰ ਸਮੇਂ ਦੇ ਅਨੁਕੁਲ ਸਮੱਸਿਆਵਾਂ ਦੇ ਹੱਲ ਕੱਢਣੇ ਹੋਣਗੇ।
ਮੋਦੀ ਨੇ ਕਿਹਾ ਕਿ 20 ਸਾਲ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਅਤੇ ਅਟਲ ਬਿਹਾਰੀ ਵਾਜਪਾਈ ਜੀ ਨੇ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦਾ ਨਾਅਰਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ ਅਟਲ ਇਨੋਵੇਸ਼ਨ ਮਿਸ਼ਨ ਨੂੰ ਅੱਗੇ ਵਧਾਉਣਾ ਹੈ। ਇਸ ਦਰੌਨਾ ਮੋਦੀ ਨੇ ਜੈ ਜਵਾਨ, ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ ਦਾ ਨਾਅਰਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਤਕਨੀਕ ਨੂੰ ਆਮ ਲੋਕਾਂ ਨਾਲ ਜੋੜਨ ਦੀ ਲੋੜ ਹੈ।
ਦੱਸ ਦੇਈਏ ਕਿ ਇਸ ਸਮਾਗਮ 'ਚ ਨਰਿੰਦਰ ਮੋਦੀ ਦੇ ਪਹੁੰਚਣ ਦਾ ਸਮਾਂ 11.30 ਵਜੇ ਦਾ ਸੀ ਜਦਕਿ ਮੋਦੀ ਡੇਢ ਘੰਟਾ ਦੇਰੀ ਨਾਲ ਇਥੇ ਪਹੁੰਚੇ। ਏਅਰਪੋਰਟ ਪਹੁੰਚਣ 'ਤੇ ਮੋਦੀ ਦਾ ਸੁਆਗਤ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਵੱਲੋਂ ਕੀਤਾ ਗਿਆ। ਇਸ ਮੌਕੇ ਵਿਜੇ ਸਾਂਪਲਾ ਵੀ ਉਨ੍ਹਾਂ ਨਾਲ ਮੌਜੂਦ ਰਹੇ। ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਨੇ ਵੀ ਸ਼ਿਰਕਤ ਕੀਤੀ।