ਨਾਰਕੋ ਗਿਰੋਹ ਦਾ ਪਰਦਾਫਾਸ਼, 6 ਨਾਜਾਇਜ਼ ਹਥਿਆਰਾਂ ਸਮੇਤ 3 ਕਾਬੂ

05/12/2020 8:03:58 PM

ਤਰਨਤਾਰਨ,(ਰਾਜੂ)- ਤਰਨਤਾਰਨ ਪੁਲਸ ਨੇ ਨਾਰਕੋ ਗੈਂਗਸਟਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ 6 ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਮੁਲਜ਼ਮ ਕਥਿਤ ਤੌਰ 'ਤੇ ਅਟਾਰੀ ਤੋਂ ਹੋਈ 532 ਕਿਲੋ ਹੈਰੋਇਨ ਬਰਾਮਦਗੀ ਨਾਲ ਜੁੜਿਆ ਹੋਇਆ ਦਿਸ ਰਿਹਾ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ, ਸਰਬਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਂ ਭਿੱਖੀਵਿੰਡ ਤੇ ਸੁਖਦੇਵ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਜਿਉਣੇਕੇ ਵਜੋਂ ਹੋਈ ਹੈ। ਜਿੰਨਾਂ ਦੇ ਕੋਲੋਂ ਇਕ 12 ਬੋਰ ਡਬਲ ਬੈਰਲ ਰਾਈਫਲ, ਇਕ 32 ਬੋਰ ਬਰੇਟਾ ਪਿਸਟਲ, ਦੋ 32 ਬੋਰ ਦੀ ਪਿਸਟਲ, ਇਕ 12 ਬੋਰ ਦੀ ਪਿਸਟਲ ਅਤੇ 315 ਬੋਰ ਦੀ ਪਿਸਟਲ ਦੇ ਨਾਲ ਨਾਲ 4 ਜਿੰਦਾ ਰੋਂਦ ਬਰਾਮਦ ਹੋਏ ਹਨ। ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਬਟਾਲਾ ਦੇ ਨਾਮੀ ਗੈਂਗਸਟਰ ਸ਼ੁਭਮ ਦੇ ਸੰਪਰਕ ਵਿਚ ਸੀ। ਸਾਲ 2018 'ਚ ਇਨ੍ਹਾਂ 'ਤੇ ਅੰਮ੍ਰਿਤਸਰ ਦੇ ਇਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 7 ਕਰੋੜ ਰੁਪਏ ਲੁੱਟਣ ਦਾ ਦੋਸ਼ ਹੈ। ਜਿਸ ਨੂੰ ਸਾਲ 2019 'ਚ ਬਟਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਹੁਣ ਇਹ ਕੇਂਦਰੀ ਜੇਲ•ਅੰਮ੍ਰਿਤਸਰ 'ਚ ਬੰਦ ਹੈ। ਹੁਣ ਤੱਕ ਕੀਤੀ ਗਈ ਫੋਰੈਂਸਿਕ ਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਗੈਂਗਸਟਰ ਸ਼ੁਭਮ ਦੇ ਸੰਪਰਕ 'ਚ ਸੀ ਜੋ ਤਰਨਤਾਰਨ ਤੇ ਫਿਰੋਜ਼ਪੁਰ 'ਚ ਆਪਣੇ ਸਹਿਯੋਗੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਐੱਸ.ਐੱਸ.ਪੀ. ਤਰਨਤਾਰਨ ਧਰੁਵ ਦਹੀਆ ਦੀ ਅਗਵਾਈ ਹੇਠ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ 'ਤੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਦੀ ਪਹਿਚਾਣ ਕੀਤੀ ਗਈ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ' ਕੁਲਦੀਪ ਸਿੰਘ ਉਰਫ ਬੱਬੂ ਪੁੱਤਰ ਹਰਭਜਨ ਸਿੰਘ ਦੇ ਸੰਪਰਕ 'ਚ ਵੀ ਸੀ ਤੇ ਇਹ ਪਿੱਛਲੇ ਦਿਨੀਂ ਅਟਾਰੀ ਤੋਂ ਬਰਾਮਦ ਕੀਤੀ 532 ਕਿੱਲੋ ਹੈਰੋਇਨ ਮਾਮਲੇ ਦੇ ਮੁੱਖ ਦੋਸ਼ੀ ਰਣਜੀਤ ਰਾਣਾ ਦਾ ਭਰਾ ਹੈ। ਉੱਚ ਅਧਿਕਾਰੀਆਂ ਅਨੁਸਾਰ ਇਹ ਮੁਲਜ਼ਮ ਕਾਫੀ ਸਮੇਂ ਤੋਂ ਇਲਾਕੇ 'ਚ ਸਮਗਲਿੰਗ ਲਈ ਸਰਗਰਮ ਸਨ ਜਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Bharat Thapa

Content Editor

Related News