ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਹਾੜੇ ਮੌਕੇ ਨਨਕਾਣਾ ਸਾਹਿਬ ਜਾਵੇਗਾ ਵਿਸ਼ੇਸ਼ ਸਿੱਖ ਜੱਥਾ
Friday, Nov 20, 2020 - 02:20 AM (IST)
ਚੰਡੀਗੜ੍ਹ : ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ 551 ਵੇਂ ਜਨਮ ਦਿਵਸ ਮੌਕੇ 27 ਨਵੰਬਰ ਤੋਂ 1 ਦਸੰਬਰ ਤੱਕ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭਾਰਤ ਵਿਸ਼ੇਸ਼ ਸਿੱਖ ਜੱਥਾ ਭੇਜੇਗਾ। ਹਾਲਾਂਕਿ, ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲ੍ਹਣ ਲਈ ਅਜੇ ਕੋਈ ਕਦਮ ਨਹੀਂ ਚਲ ਰਿਹਾ। ਇਸ ਬਾਰੇ ਐਮ.ਈ.ਏ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਂਕਿ ਪਾਕਿਸਤਾਨ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਸਿਹਤ ਨਾਲ ਜੁੜੇ ਸਾਰੇ ਪ੍ਰੋਟੋਕੋਲਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਜੂਨ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਯਾਦਗਾਰ ਵਜੋਂ ਇਕਤਰਫਾ ਲਾਂਘਾ ਖੋਲ੍ਹਿਆ ਸੀ ਪਰ ਮਹਾਂਮਾਰੀ ਕਾਰਨ ਭਾਰਤ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਪਾਕਿਸਤਾਨ ਨੇ ਅਕਤੂਬਰ ਮਹੀਨੇ ਵਿੱਚ ਦੁਬਾਰਾ ਇਹ ਪੇਸ਼ਕਸ਼ ਕੀਤੀ ਸੀ ਪਰ ਐਮ.ਈ.ਏ. ਨੇ ਦੱਸਿਆ ਸੀ ਕਿ ਕੋਵਿਡ ਦੇ ਕਹਿਰ ਦੇ ਮੱਦੇਨਜ਼ਰ ਇਹ ਰੱਦ ਕਰ ਦਿੱਤਾ ਗਿਆ ਸੀ।