ਸ਼੍ਰੋਮਣੀ ਕਮੇਟੀ ਆਰ. ਐੱਸ. ਐੱਸ. ਦੇ ਏਜੰਡੇ ਲਾਗੂ ਕਰਵਾਉਣ ਲਈ ਹੋ ਰਹੀ ਹੈ ਤਰਲੋ-ਮੱਛੀ

Sunday, Apr 08, 2018 - 07:38 AM (IST)

ਸ਼੍ਰੋਮਣੀ ਕਮੇਟੀ ਆਰ. ਐੱਸ. ਐੱਸ. ਦੇ ਏਜੰਡੇ ਲਾਗੂ ਕਰਵਾਉਣ ਲਈ ਹੋ ਰਹੀ ਹੈ ਤਰਲੋ-ਮੱਛੀ

ਜਲੰਧਰ (ਚਾਵਲਾ) - ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ. ਆਰ. ਐੱਸ. ਦੇ ਏਜੰਡੇ ਨੂੰ ਸਿੱਖਾਂ 'ਤੇ ਲਾਗੂ ਕਰਵਾਉਣ ਲਈ ਤਰਲੋ-ਮੱਛੀ ਹੋ ਰਹੀ ਹੈ ਅਤੇ ਸਿੱਖੀ ਸਿਧਾਂਤਾਂ ਨਾਲ ਸੋਚੀ-ਸਮਝੀ ਸਾਜ਼ਿਸ਼ ਅਧੀਨ ਛੇੜਛਾੜ ਕਰਨ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ ਨੇ ਅੰਮ੍ਰਿਤਸਰ ਦੇ ਮਨਜੀਤ ਸਿੰਘ ਗਤਕਾ ਮਾਸਟਰ ਦੀਆਂ ਦੋ ਪੁਸਤਕਾਂ 'ਜੁ ਲਰੈ ਦੀਨ ਕੇ ਹੇਤ', 'ਸਵਰਗ ਘਾਟੀ ਦਾ ਖੂਨੀ ਕਲੰਕ' ਰਿਲੀਜ਼ ਕੀਤੀਆਂ।
ਉਨ੍ਹਾਂ ਵਿਵਾਦਾਂ ਵਿਚ ਘਿਰੀ ਹੋਈ ਫਿਲਮ 'ਨਾਨਕ ਸ਼ਾਹ ਫਕੀਰ' ਬਾਰੇ ਕਿਹਾ ਕਿ ਇਸ ਫ਼ਿਲਮ ਬਾਰੇ 13 ਅਪ੍ਰੈਲ 2018 ਨੂੰ ਸਿਨੇਮਾਘਰਾਂ ਵਿਚ ਕਿਸੇ ਸੰਭਾਵੀ ਰਿਲੀਜ਼ ਪ੍ਰਤੀ ਸ਼੍ਰੋਮਣੀ ਕਮੇਟੀ ਆਪਣਾ ਪੱਖ ਸਪੱਸ਼ਟ ਕਿਉਂ ਨਹੀਂ ਕਰ ਰਹੀ, ਜਦਕਿ ਇਸ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਐਲਾਨ ਕਰ ਚੁੱਕੇ ਹਨ ਕਿ ਉਹ ਫ਼ਿਲਮ ਜ਼ਰੂਰ ਦਿਖਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਰ-ਵਾਰ ਕਮੇਟੀਆਂ ਬਣਾ ਕੇ ਸਿੱਖ ਪੰਥ ਨਾਲ ਧੋਖਾ ਕਿਉਂ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਜਦਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਇਸ ਬਾਰੇ ਅੰਦੋਲਨ ਖੜ੍ਹਾ ਕਰਦੀ ਪਰ  ਸ਼੍ਰੋਮਣੀ ਕਮੇਟੀ ਆਰ. ਐੱਸ. ਐੱਸ. ਦੀਆਂ ਹਦਾਇਤਾਂ ਤੇ ਬਾਦਲ ਪਰਿਵਾਰ ਦੇ ਹੁਕਮਾਂ ਅਨੁਸਾਰ ਸਿੱਖ ਪੰਥ ਦਾ ਭਗਵਾਕਰਨ ਕਰ ਰਹੀ ਹੈ। ਇਸ ਤਹਿਤ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬ ਬਸੰਤੀ ਤੋਂ ਭਗਵੇ ਕਰ ਦਿੱਤੇ ਗਏ ਹਨ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਘਿਰਾਓ ਕਰਨ ਤੇ ਸ਼੍ਰੋਮਣੀ ਕਮੇਟੀ ਸੰਸਥਾ ਨੂੰ ਖਤਮ ਕਰ ਕੇ ਸਰਕਾਰੀ ਦਖਲਅੰਦਾਜ਼ੀ ਤੋਂ ਬਚਾਇਆ ਜਾਵੇ। ਇਸ ਮੌਕੇ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਵੱਲੋਂ ਸਿੱਖ ਸਾਹਿਤ ਵਿਚ ਯੋਗਦਾਨ ਪਾਉਣ ਵਾਲੇ ਮਨਜੀਤ ਸਿੰਘ ਗਤਕਾ ਮਾਸਟਰ ਦਾ ਗੋਲਡ ਮੈਡਲ ਨਾਲ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਿੱਖ ਵਿਦਵਾਨ ਗੁਰਬਚਨ ਸਿੰਘ, ਕੰਵਲ ਚਰਨਜੀਤ ਸਿੰਘ ਜਨਰਲ ਸੈਕਟਰੀ, ਪਰਮਜੀਤ ਸਿੰਘ ਖਾਲਸਾ ਫਗਵਾੜਾ, ਬੇਅੰਤ ਸਿੰਘ ਸਰਹੱਦੀ, ਦਵਿੰਦਰ ਸਿੰਘ ਆਨੰਦ, ਸੰਤੋਖ ਸਿੰਘ ਦਿੱਲੀ ਪੇਂਟ, ਗੁਰਕਰਨ ਸਿੰਘ, ਨਵਤੇਜ ਸਿੰਘ ਕਾਨਪੁਰੀ, ਅਮਰਜੀਤ ਸਿੰਘ ਆਨੰਦ, ਬਲਦੇਵ ਸਿੰਘ ਬੱਲ, ਮਨਜੀਤ ਸਿੰਘ ਦੂਆ, ਮਨਿੰਦਰਜੀਤ ਸਿੰਘ ਦੂਆ, ਅਰਿੰਦਰਜੀਤ ਸਿੰਘ ਚੱਢਾ, ਹਰਦੇਵ ਸਿੰਘ ਗਰਚਾ, ਮੋਹਨ ਸਿੰਘ ਸਹਿਗਲ, ਮਹਿੰਦਰ ਸਿੰਘ ਚਮਕ, ਹਰਭਜਨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ, ਗੌਰਵਪ੍ਰੀਤ ਸਿੰਘ ਚਾਵਲਾ ਆਦਿ ਸ਼ਾਮਲ ਸਨ।


Related News