ਨਾਇਬ ਤਹਿਸੀਲਦਾਰ ਦੀਆਂ ''ਅਸਥੀਆਂ'' ਚੋਰੀ, 9 ਮਹੀਨੇ ਬਾਅਦ ਵੀ ਐੱਫ. ਆਈ. ਆਰ. ਦਰਜ ਨਹੀਂ

04/19/2018 2:34:03 PM

ਅੰਮ੍ਰਿਤਸਰ (ਜ.ਬ., ਨਵਦੀਪ)- ਅੱਜ ਤੱਕ ਤੁਸੀਂ ਚੋਰੀ ਸਬੰਧੀ ਅਣਗਿਣਤ ਖਬਰਾਂ ਪੜ੍ਹੀਆਂ ਹੋਣਗੀਆਂ ਪਰ ਇਹ ਖਬਰ ਕੁਝ ਹਟ ਕੇ ਹੈ। ਮਾਮਲਾ ਸਾਬਕਾ ਨਾਇਬ ਤਹਿਸੀਲਦਾਰ ਦੀਆਂ 'ਅਸਥੀਆਂ' ਚੋਰੀ ਹੋਣ ਦਾ ਹੈ ਅਤੇ ਦੋਸ਼ ਹੈ ਕਿ ਪੁਲਸ ਨੇ 9 ਮਹੀਨੇ ਬਾਅਦ ਵੀ ਅਸਥੀਆਂ ਚੋਰੀ ਕਰਨ ਦੀ ਐੱਫ. ਆਈ. ਆਰ. ਦਰਜ ਨਹੀਂ ਕੀਤੀ। ਐੱਫ. ਆਈ. ਆਰ. ਦਰਜ ਕਰਵਾਉਣ ਲਈ ਮ੍ਰਿਤਕ ਨਾਇਬ ਤਹਿਸੀਲਦਾਰ ਦੀ ਵਿਧਵਾ ਪੁਲਸ ਤੇ ਪ੍ਰਸ਼ਾਸਨ ਦੇ ਚੱਕਰ ਕੱਟ ਰਹੀ ਹੈ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਤਰਨਤਾਰਨ ਜ਼ਿਲੇ ਦੇ ਭਿੱਖੀਵਿੰਡ ਕਸਬੇ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਦੀ 3 ਅਗਸਤ 2017 ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਉਸ ਸਮੇਂ ਉਹ ਆਪਣੇ ਰਿਸ਼ਤੇਦਾਰ ਦੇ ਘਰ (ਅਟਾਰੀ) ਰਹਿ ਰਿਹਾ ਸੀ। ਮੌਤ ਦੀ ਖਬਰ ਨਾਇਬ ਤਹਿਸੀਲਦਾਰ ਦੇ ਜਲੰਧਰ ਵਿਚ ਰਹਿ ਰਹੇ ਪਰਿਵਾਰ ਨੂੰ 24 ਘੰਟੇ ਬਾਅਦ ਮਿਲੀ। ਜਦ ਪਰਿਵਾਰ ਦੇ ਲੋਕ ਸ਼ਮਸ਼ਾਨਘਾਟ ਪਹੁੰਚੇ ਤਾਂ ਲਾਸ਼ ਨੂੰ ਸਾੜਨ ਦੀ ਤਿਆਰੀ ਕੀਤੀ ਜਾ ਰਹੀ ਸੀ। ਮ੍ਰਿਤਕ ਦੀ ਪਤਨੀ ਨੇ ਪੁਲਸ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਲਾਸ਼ ਦਾ ਸਸਕਾਰ ਹੋਇਆ ਤੇ ਉਸੇ ਰਾਤ ਸ਼ਮਸ਼ਾਨਘਾਟ ਤੋਂ ਅਸਥੀਆਂ ਚੋਰੀ ਹੋ ਗਈਆਂ। ਅਸਥੀਆਂ ਚੋਰੀ ਹੋਣ ਦੀ ਸ਼ਿਕਾਇਤ ਥਾਣਾ ਘਰਿੰਡਾ ਵਿਚ 4 ਅਗਸਤ 2017 ਨੂੰ ਦਿੱਤੀ ਗਈ ਸੀ ਪਰ ਅੱਜ ਤੱਕ ਅਸਥੀਆਂ ਚੋਰੀ ਹੋਣ ਦੀ ਐੱਫ.  ਆਈ. ਆਰ. ਦਰਜ ਨਹੀਂ ਹੋ ਸਕੀ।
ਨਾਇਬ ਤਹਿਸੀਲਦਾਰ ਦੀ ਮ²ੌਤ ਦਾ ਹੋਵੇਗਾ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ
ਸਾਬਕਾ ਨਾਇਬ ਤਹਿਸੀਲਦਾਰ ਇੰਦਰਪ੍ਰੀਤ ਸਿੰਘ (53) ਦੀ ਮੌਤ ਸੁਭਾਵਿਕ ਸੀ ਜਾਂ ਨਹੀਂ, ਇਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਵਿਚ ਹੋਵੇਗਾ। ਫਿਲਹਾਲ ਰਿਪੋਰਟ ਥਾਣੇ ਤੱਕ ਨਹੀਂ ਪਹੁੰਚੀ ਹੈ। ਇੰਦਰਪ੍ਰੀਤ ਸਿੰਘ ਦੇ ਪਰਿਵਾਰ 'ਚ ਪਤਨੀ ਵਰਿੰਦਰ ਕੌਰ (46), ਬੇਟੀ ਹਰਨੀਤ ਕੌਰ (26), ਬੇਟਾ 23 ਸਾਲਾ ਤ੍ਰਿਲੋਕ ਸਿੰਘ (ਸਪੈਸ਼ਲ ਚਾਈਲਡ) ਤੇ 16 ਸਾਲਾ ਬੇਟਾ ਜਸਜੀਤ ਸਿੰਘ ਹੈ। ਇੰਦਰਪ੍ਰੀਤ ਸਿੰਘ ਦੇ ਪਿਤਾ ਉੱਤਮ ਸਿੰਘ ਤੇ ਮਾਂ ਇਕਬਾਲ ਕੌਰ ਦੀ ਮੌਤ ਹੋ ਚੁੱਕੀ ਹੈ। ਇੰਦਰਪ੍ਰੀਤ ਸਿੰਘ ਦਾ ਅੰਮ੍ਰਿਤਸਰ ਵਿਚ ਦਸਮੇਸ਼ ਨਗਰ (ਕੋਟ ਮਿੱਤ ਸਿੰਘ) ਵਿਖੇ ਘਰ ਹੈ ਅਤੇ ਜਲੰਧਰ ਦੇ ਅਰਬਨ ਅਸਟੇਟ (ਵਨ) ਵਿਚ ਮੌਜੂਦਾ ਸਮੇਂ ਪਰਿਵਾਰ ਰਹਿ ਰਿਹਾ ਹੈ।
ਮੈਨੂੰ 'ਇਨਸਾਫ' ਦਿਵਾ ਦਿਓ ਜਾਂ 'ਮੌਤ'
ਮੇਰੇ ਪਤੀ ਨਾਇਬ ਤਹਿਸੀਲਦਾਰ ਸੀ, ਡੀ. ਐੱਸ. ਪੀ. ਪੱਧਰ ਦਾ ਰੈਂਕ ਸੀ ਉਨ੍ਹਾਂ ਦਾ। ਉਨ੍ਹਾਂ ਦੀ ਮੌਤ ਦੀ ਪੋਸਟਮਾਰਟਮ ਰਿਪੋਰਟ ਜਿਥੇ ਅਜੇ ਤੱਕ ਨਹੀਂ ਮਿਲੀ, ਉਥੇ ਕਰੀਬ 10 ਮਹੀਨੇ ਹੋ ਚੱਲੇ ਹਨ, ਅਸਥੀਆਂ ਚੋਰੀ ਕਰਨ ਦੀ ਰਿਪੋਰਟ ਪੁਲਸ ਦਰਜ ਨਹੀਂ ਕਰ ਰਹੀ। ਹੁਣ ਤੱਕ 37 ਸ਼ਿਕਾਇਤਾਂ ਲਿਖਵਾ ਚੁੱਕੀ ਹਾਂ, ਅੰਮ੍ਰਿਤਸਰ ਦੇ ਡੀ. ਸੀ. ਕਮਲਦੀਪ ਸਿੰਘ ਸੰਘਾ, ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦੇ ਨਾਲ-ਨਾਲ ਬਾਰਡਰ ਰੇਂਜ ਦੇ ਆਈ. ਜੀ., ਡੀ. ਆਈ. ਜੀ., ਡੀ. ਜੀ. ਪੀ. ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਪੱਤਰ ਲਿਖ ਚੁੱਕੀ ਹਾਂ ਪਰ ਅੱਜ ਤੱਕ ਅਸਥੀਆਂ ਚੋਰੀ ਹੋਣ ਦੀ ਜਾਂਚ ਵੀ ਸ਼ੁਰੂ ਨਹੀਂ ਹੋ ਸਕੀ। ਮੈਨੂੰ ਇਨਸਾਫ ਦਿਵਾ ਦਿਓ ਜਾਂ ਮੌਤ, ਮੈਂ ਹੁਣ ਇਹੀ ਬੇਨਤੀ ਕਰ ਰਹੀ ਹਾਂ। 

 


Related News