ਸਾਬਕਾ ਨਗਰ ਪੰਚਾਇਤ ਪ੍ਰਧਾਨ ਦੀ ਲੁਧਿਆਣਾ ਦੇ ਹਸਪਤਾਲ ''ਚ ਮੌਤ

Sunday, Jul 08, 2018 - 06:38 AM (IST)

ਸਾਬਕਾ ਨਗਰ ਪੰਚਾਇਤ ਪ੍ਰਧਾਨ ਦੀ ਲੁਧਿਆਣਾ ਦੇ ਹਸਪਤਾਲ ''ਚ ਮੌਤ

ਸ਼ਾਹਕੋਟ, (ਤ੍ਰੇਹਨ, ਮਰਵਾਹਾ)– ਸ਼ਾਹਕੋਟ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ ਜਿਨ੍ਹਾਂ ਨੇ 2 ਦਿਨ ਪਹਿਲਾਂ ਸਲਫਾਸ ਨਿਗਲ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ, ਦੀ ਅੱਜ ਸਵੇਰੇ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਮੌਤ ਹੋ ਗਈ। ਸਥਾਨਕ ਪੁਲਸ ਨੇ ਮ੍ਰਿਤਕ ਦੇ ਬਿਆਨਾਂ ਦੇ ਆਧਾਰ 'ਤੇ ਭਾਜਪਾ ਦੇ 2 ਸਾਬਕਾ ਕੌਂਸਲਰਾਂ ਸਮੇਤ 4 ਵਿਅਕਤੀਆਂ ਵਿਰੁੱਧ ਆਤਮਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਤਰਸੇਮ ਦੱਤ ਛੁਰਾ ਨੇ ਦੱਸਿਆ ਸੀ ਕਿ ਮੇਰੀ ਸਾਰੀ ਜਾਇਦਾਦ ਮੇਰੇ ਲੜਕੇ ਸੰਜੀਵ ਕੁਮਾਰ ਦੇ ਨਾਂ 'ਤੇ ਹੈ, ਜਿਸ ਦਾ ਮੁਖਤਿਆਰਨਾਮਾ ਉਸ ਦੇ (ਛੁਰਾ) ਦੇ ਨਾਂ 'ਤੇ ਹੈ। ਉਸਦਾ ਰਾਜ ਕੁਮਾਰ ਮੰਗਾ ਅਰਜ਼ੀ ਨਵੀਸ (ਸਾਬਕਾ ਕੌਂਸਲਰ) ਨਾਲ ਕਾਫੀ ਬੈਠਣਾ-ਉੱਠਣਾ ਸੀ। ਮੰਗੇ ਨੇ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਪਿੰਡ ਪੂਨੀਆ ਵਾਸੀ ਸੋਢੀ ਕੋਲੋਂ ਪੈਸੇ ਦੁਆ ਦਿੰਦਾ ਹਾਂ। ਇਹ ਕਹਿ ਕੇ 4 ਮਰਲੇ ਜਗ੍ਹਾ ਦੀ ਫਰਦ ਕੱਢਵਾ ਲਈ ਅਤੇ ਰਜਿਸਟਰੀ ਵੀ ਲਿਖ ਦਿੱਤੀ, ਜਿਸ ਵਿਚ ਉਸ ਨੇ ਸਾਢੇ ਅੱਠ ਮਰਲੇ ਜਗ੍ਹਾ ਹਸਪਤਾਲ ਦੀ ਲਾਈਨ ਮੈਨੂੰ ਬਿਨਾਂ ਦੱਸੇ ਲਿਖ ਦਿੱਤੀ। 
ਇਹ ਰਜਿਸਟਰੀ ਕਰੀਬ 2 ਮਹੀਨੇ ਪਹਿਲਾਂ ਲਿਖੀ ਗਈ ਸੀ। 
ਕਰੀਬ 15 ਦਿਨ ਪਹਿਲਾਂ ਅਸੀਂ ਆਪਣੇ ਪੋਤੇ ਸਮੀਰ ਕੁਮਾਰ ਦੇ ਨਾਂ ਵਾਲੀ ਹਸਪਤਾਲ ਵਾਲੀ ਜਗ੍ਹਾ ਦੀ ਰਜਿਸਟਰੀ ਕਰਵਾਉਣ ਗਏ ਤਾਂ ਉਥੇ ਰਾਜ ਕੁਮਾਰ ਮੰਗਾ ਵਸੀਕਾ ਨਵੀਸ ਵੀ ਆ ਗਿਆ ਅਤੇ ਨਾਇਬ ਤਹਿਸੀਲਦਾਰ ਨੂੰ ਕਹਿਣ ਲੱਗਾ ਕਿ ਇਨ੍ਹਾਂ ਨੇ ਇਸ ਹਸਪਤਾਲ ਦੀ ਜਗ੍ਹਾ ਪਹਿਲਾਂ ਹੀ ਗਹਿਣੇ ਰੱਖੀ ਹੋਈ ਹੈ। ਮੰਗਾ ਨੇ ਕਿਹਾ ਕਿ ਜੇ ਇਹ ਰਜਿਸਟਰੀ ਕਰਵਾਉਣੀ ਹੈ ਤਾਂ 4 ਲੱਖ ਰੁਪਏ ਵਾਪਸ ਕਰੋ ਜਾਂ ਹਸਪਤਾਲ ਦੇ ਨਾਲ ਵਾਲੀਆਂ ਦੋ ਦੁਕਾਨਾਂ ਗਹਿਣੇ ਰੱਖ ਦਿਓ, ਮੈਂ ਤੁਹਾਨੂੰ 20 ਲੱਖ ਰੁਪਏ ਮੈਦੇ ਦੇ ਸਰਪੰਚ ਗੁਰਬੰਤ ਸਿੰਘ ਕੋਲੋਂ ਲੈ ਦਿੰਦਾ ਹਾਂ। 
ਇਸ ਤੋਂ ਬਾਅਦ ਮੰਗੇ ਨੇ ਮੈਨੂੰ ਤਹਿਸੀਲਦਾਰ ਦੇ ਪੇਸ਼ ਕਰ ਦਿੱਤਾ। ਉਥੇ ਮੰਗਾ ਕਹਿਣ ਲੱਗਾ ਕਿ ਇਹ ਫਰਦ ਜਾਅਲੀ ਹੈ। ਮੈਂ ਮੰਗਾ ਅਰਜ਼ੀ ਨਵੀਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਰਜਿਸਟਰੀ ਹੋ ਲੈਣ ਦੇ। ਇਸੇ ਦੌਰਾਨ ਤਹਿਸੀਲਦਾਰ ਨੇ ਮੰਗੇ ਤੋਂ ਅਸਲ ਮੁਖਤਿਆਰਨਾਮਾ ਮੰਗਿਆ। ਮੰਗਾ ਨੇ ਕਿਹਾ ਕਿ ਅਸਲ ਮੁਖਤਿਆਰਨਾਮਾ ਨਹੀਂ ਮਿਲ ਰਿਹਾ। ਫਿਰ ਉਸੇ ਸ਼ਾਮ ਨੂੰ ਮੰਗਾ ਅਤੇ ਸਰਪੰਚ ਨੇ ਅਸਲ ਮੁਖਤਿਆਰਨਾਮਾ ਪੇਸ਼ ਕਰ ਦਿੱਤਾ, ਜਿਸ 'ਤੇ ਤਹਿਸੀਲਦਾਰ ਨੂੰ ਸ਼ੱਕ ਹੋ ਗਿਆ, ਫਿਰ ਉਨ੍ਹਾਂ ਨੇ ਤਹਿਸੀਲਦਾਰ ਨੂੰ ਕਿਸੇ ਸਿਆਸੀ ਬੰਦੇ ਦਾ ਫੋਨ ਕਰਵਾਇਆ ਕਿ ਸਾਡੇ ਨਾਂ 'ਤੇ ਰਜਿਸਟਰੀ ਕਰਵਾ ਦਿਓ। 
ਰਾਜ ਕੁਮਾਰ ਮੰਗਾ ਅਤੇ ਉਸ ਦੇ ਸਾਥੀਆਂ ਨੇ ਮੇਰੇ ਕੋਲੋਂ ਧੋਖੇ ਨਾਲ ਰਜਿਸਟਰੀ ਕਰਵਾ ਲਈ ਅਤੇ ਮੈਨੂੰ ਕੋਈ ਪੈਸਾ ਨਹੀਂ ਦਿੱਤਾ, ਜਿਸ ਕਾਰਨ ਮੈਨੂੰ ਸਲਫਾਸ ਖਾਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਇਲਾਵਾ ਤਰਸੇਮ ਦੱਤ ਛੁਰਾ ਨੇ ਆਪਣੇ ਆਖਰੀ ਬਿਆਨ 'ਚ ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਬੱਲਾ 'ਤੇ ਦੋਸ਼ ਲਾਇਆ ਕਿ ਅਸੀਂ ਏ. ਪੀ. ਜੇ. ਕਾਲਜ (ਜੋ ਕਿ ਅੱਜ-ਕੱਲ ਬੰਦ ਹੈ) ਲਈ ਕਰੀਬ 5-6 ਸਾਲ ਪਹਿਲਾਂ 6 ਲੱਖ ਰੁਪਏ ਲਏ ਸੀ। ਹੁਣ ਬੱਲਾ ਉਨ੍ਹਾਂ ਕੋਲੋਂ 10 ਲੱਖ ਰੁਪਏ ਮੰਗ ਰਿਹਾ ਸੀ। ਉਕਤ ਕਾਲਜ ਦੇ ਕਾਗਜ਼ ਪੱਤਰ ਵੀ ਉਸ ਦੇ (ਬੱਲਾ) ਕੋਲ ਹਨ। 
ਦੋ ਦਿਨ ਦੇ ਇਲਾਜ ਤੋਂ ਬਾਅਦ ਅੱਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਸ਼੍ਰੀ ਛੁਰਾ ਦੀ ਮੌਤ ਹੋ ਗਈ। ਤਰਸੇਮ ਦੱਤ ਛੁਰਾ ਦੇ ਸੁਸਾਈਡ ਨੋਟ 'ਚ 5 ਵਿਅਕਤੀਆਂ ਦੇ ਨਾਂ ਹੋਣ ਦੀ ਚਰਚਾ ਹੈ। ਸਾਬਕਾ ਨਗਰ ਪੰਚਾਇਤ ਪ੍ਰਧਾਨ ਛੁਰਾ ਵੱਲੋਂ ਸਲਫਾਸ ਖਾਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸੇ ਦੌਰਾਨ ਸ਼ਾਹਕੋਟ ਪੁਲਸ ਨੇ ਛੁਰਾ ਦੇ ਆਖਰੀ ਬਿਆਨ ਦਰਜ ਕੀਤੇ। ਇਨ੍ਹਾਂ ਬਿਆਨਾਂ ਦੀ ਵੀਡੀਓਗ੍ਰਾਫੀ ਦੀ ਵੀ ਚਰਚਾ ਹੈ। ਬੇਸ਼ੱਕ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਭਾਜਪਾ ਦੇ 2 ਆਗੂਆਂ ਸਮੇਤ 4 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਇਲਾਕੇ 'ਚ ਇਸ ਗੱਲ ਦੀ ਚਰਚਾ ਹੈ ਕਿ ਤਰਸੇਮ ਦੱਤ ਛੁਰਾ ਨੇ ਸਲਫਾਸ ਖਾਣ ਤੋਂ ਪਹਿਲਾਂ ਜੋ ਸੁਸਾਈਡ ਨੋਟ ਲਿਖਿਆ ਸੀ, ਉਸ ਵਿਚ 5 ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। 
ਜਾਂਚ ਤੋਂ ਬਾਅਦ 5ਵੇਂ ਵਿਅਕਤੀ 'ਤੇ ਵੀ ਹੋ ਸਕਦੀ ਹੈ ਕਾਰਵਾਈ : ਡੀ. ਐੱਸ. ਪੀ.
ਅੱਜ ਰਾਤ ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ ਨਾਲ ਸੁਸਾਈਡ ਨੋਟ ਸਬੰਧੀ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਤਰਸੇਮ ਦੱਤ ਛੁਰਾ ਵਲੋਂ ਇਲਾਜ ਦੌਰਾਨ ਦਿੱਤੇ ਬਿਆਨਾਂ ਦੇ ਆਧਾਰ 'ਤੇ 4 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਸੁਸਾਈਡ ਨੋਟ ਪੁਲਸ ਦੇ ਕਬਜ਼ੇ 'ਚ ਹੈ। ਜਾਂਚ-ਪੜਤਾਲ ਉਪਰੰਤ ਸੁਸਾਈਡ ਨੋਟ 'ਚ ਜਿਸ 5ਵੇਂ ਵਿਅਕਤੀ ਦਾ ਨਾਂ ਹੈ, ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।


Related News