ਪਹਿਲੇ ਪਾਤਸ਼ਾਹ ਜੀ ਦੇ 551ਵੇਂ ਪ੍ਰਕਾਸ਼ ਪੁਰਬ 'ਤੇ ਸਜਿਆ ਅਲੌਕਿਕ ਨਗਰ ਕੀਰਤਨ

Saturday, Nov 28, 2020 - 01:28 PM (IST)

ਫਤਿਹਗੜ੍ਹ ਸਾਹਿਬ (ਜਗਦੇਵ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸੰਗਤਾਂ ਸਮੇਤ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਸਮੂਹ ਸਟਾਫ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਨਗਰ ਕੀਰਤਨ 'ਚ ਬੈਂਡ-ਪਾਰਟੀਆਂ ਮਧੁਰ ਧੁਨ੍ਹਾਂ ਦੇ ਨਾਲ ਗੁਰੂ ਸਾਹਿਬ ਦੀ ਮਹਿਮਾ ਦਾ ਗਾਇਨ ਕਰ ਰਹੀਆਂ ਸਨ, ਜਦੋਂ ਕਿ ਗੱਤਕਾ ਪਾਰਟੀ ਦੇ ਸਿੰਘ ਗੱਤਕੇ ਦੇ ਜੌਹਰ ਵਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੇ ਸਨ। ਇਹ ਨਗਰ ਕੀਰਤਨ ਸਰਹਿੰਦ ਸ਼ਹਿਰ, ਸਰਹਿੰਦ ਮੰਡੀ, ਹਮਾਯੂੰਪੁਰ, ਜੀ. ਟੀ. ਰੋਡ ਬਾੜਾ ਦੇ ਮੁੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਖ਼ਤਮ ਹੋਇਆ। ਇਸ ਨਗਰ ਕੀਰਤਨ 'ਚ  ਇਲਾਕੇ ਦੀਆਂ ਸੰਗਤਾਂ ਆਪੋ-ਆਪਣੇ ਵਾਹਨਾਂ 'ਤੇ ਪੈਦਲ ਚੱਲ ਕੇ ਸਤਿਨਾਮ-ਵਾਹਿਗੁਰੂ ਦੇ ਨਾਮ ਦਾ ਜਾਪ ਕਰ ਰਹੀਆਂ ਸਨ। ਸੰਗਤਾਂ ਵੱਲੋਂ ਸਵਾਗਤੀ ਪੰਡਾਲ ਸਜਾਏ ਗਏ ਤੇ ਲੰਗਰ ਵੀ ਵਰਤਾਏ ਗਏ।

ਇਸ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ 'ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰ  ਸਤਵਿੰਦਰ ਸਿੰਘ ਟੌਹੜਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ,  ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਗਦੀਪ ਸਿੰਘ ਚੀਮਾ, ਹਲਕਾ ਇੰਚਾਰਜ ਸਰਹਿੰਦ ਦੀਦਾਰ ਸਿੰਘ ਭੱਟੀ, ਸਮੇਤ ਵੱਖ ਵੱਖ ਆਗੂਆਂ ਵੱਲੋਂ ਨਗਰ ਕੀਰਤਨ 'ਚ ਹਾਜ਼ਰੀ ਲਵਾਈ ਗਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਗਈ।


Babita

Content Editor

Related News