ਨਗਰ ਕੌਂਸਲ ਅਧਿਕਾਰੀਆਂ ਨੇ ਹਟਾਏ ਨਾਜਾਇਜ਼ ਕਬਜ਼ੇ
Saturday, Aug 25, 2018 - 01:02 AM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)-ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲਸ ਦੀ ਮਦਦ ਨਾਲ ਹਟਾ ਦਿੱਤਾ ਗਿਆ, ਜਿਸ ’ਤੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ।
ਜ਼ਿਕਰਯੋਗ ਹੈ ਕਿ ਬੱਸ ਸਟੈਂਡ ਤੋਂ ਸ਼ਹਿਰ ਵੱਲ ਜਾਂਦਿਆਂ ਖੱਬੇ ਹੱਥ ਨਗਰ ਕੌਂਸਲ ਨੇ ਰੇਹਡ਼ੀਆਂ ਫਡ਼੍ਹੀਆਂ ਵਾਲਿਆਂ ਨੂੰ ਜਗ੍ਹਾ ਅਲਾਟ ਕੀਤੀ ਹੋਈ ਹੈ ਅਤੇ ਚਿਤਾਵਨੀ ਦਿੱਤੀ ਹੋਈ ਹੈ ਕਿ ਜਿੰਨੀ ਜਗ੍ਹਾ ਅਲਾਟ ਕੀਤੀ ਗਈ ਹੈ, ਉਸ ਤੋਂ ਇਕ ਕਦਮ ਵੀ ਅੱਗੇ ਨਾ ਵਧਿਆ ਜਾਵੇ ਕਿਉਂਕਿ ਇਸ ਤਰ੍ਹਾਂ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਕਾਰਨ ਮੁੱਖ ਸੜਕ ’ਤੇ ਜਾਮ ਲੱਗ ਜਾਂਦਾ ਹੈ ਪਰ ਨਗਰ ਕੌਂਸਲ ਅਧਿਕਾਰੀਆਂ ਦੀ ਇਸ ਚਿਤਾਵਨੀ ਦਾ ਇਨ੍ਹਾਂ ਰੇਹਡ਼ੀ ਫਡ਼੍ਹੀ ਵਾਲਿਆਂ ’ਤੇ ਕੁਝ ਦਿਨ ਹੀ ਅਸਰ ਰਹਿੰਦਾ ਹੈ। ਇਸੇ ਦੇ ਮੱਦੇਨਜ਼ਰ ਅੱਜ ਨਗਰ ਕੌਂਸਲ ਦੇ ਇੰਸਪੈਕਟਰ ਹਰਜੀਤ ਸਿੰਘ, ਜੂਨੀਅਰ ਸਹਾਇਕ ਅਮਰੀਕ ਚੰਦਰ ਬੇਦੀ, ਕਲਰਕ ਗੁਰਦੇਵ ਸਿੰਘ ਅਤੇ ਸੁਰਿੰਦਰ ਕੁਮਾਰ ਵੱਲੋਂ ਪੁਲਸ ਚੌਂਕੀ ਇੰਚਾਰਜ ਏ. ਐੱਸ. ਆਈ. ਸੋਹਨ ਸਿੰਘ ਅਤੇ ਪੁਲਸ ਪਾਰਟੀ ਦੀ ਮਦਦ ਨਾਲ ਰੇਹਡ਼ੀ ਫਡ਼੍ਹੀ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਸਖਤੀ ਨਾਲ ਹਟਾਇਆ ਗਿਆ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ।