ਨਾਭਾ ਜੇਲ ਬੇਅਦਬੀ ਮਾਮਲੇ ਦੀ ਜਾਂਚ ਲਈ ਜਥੇਦਾਰ ਨੇ ਬਣਾਈ 5 ਮੈਂਬਰੀ ਕਮੇਟੀ

Wednesday, Feb 26, 2020 - 06:30 PM (IST)

ਨਾਭਾ ਜੇਲ ਬੇਅਦਬੀ ਮਾਮਲੇ ਦੀ ਜਾਂਚ ਲਈ ਜਥੇਦਾਰ ਨੇ ਬਣਾਈ 5 ਮੈਂਬਰੀ ਕਮੇਟੀ

ਅੰਮ੍ਰਿਤਸਰ/ਨਾਭਾ : ਨਾਭਾ ਜੇਲ ਵਿਚ ਪੋਥੀਆਂ ਅਤੇ ਗੁਟਕਿਆਂ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਹੈ। ਇਹ ਕਮੇਟੀ ਪੰਜ ਦਿਨਾਂ ਵਿਚ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਦੌਰੇ ਤੋਂ ਪਰਤਦੇ ਹੀ ਇਸ ਮਾਮਲੇ 'ਤੇ ਗੰਭੀਰਤਾ ਵਿਖਾਈ ਹੈ। ਬੰਦੀ ਸਿੰਘਾਂ ਨੇ ਇਸ ਮਾਮਲੇ ਵਿਚ ਨਿਆਂ ਦੀ ਮੰਗ ਨੂੰ ਲੈ ਕੇ ਨਾਭਾ ਜੇਲ ਵਿਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਵੀ ਭੇਜਿਆ ਹੈ। 

ਇਸ ਪੱਤਰ ਵਿਚ ਦੱਸਿਆ ਗਿਆ ਕਿ 13 ਫਰਵਰੀ ਨੂੰ ਇਕ ਬੰਦੀ ਸਿੱਖ ਮਾਨ ਸਿੰਘ ਅੰਮ੍ਰਿਤਸਰ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ, ਜਿਥੇ ਸੰਗਤ ਵੱਲੋਂ ਉਸ ਨੂੰ ਜੇਲ ਵਿਚ ਬੰਦੀ ਸਿੰਘਾਂ ਲਈ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਦਿੱਤੀਆਂ ਗਈਆਂ ਸਨ। ਉਹ ਇਨ੍ਹਾਂ ਨੂੰ ਨਾਭਾ ਜੇਲ ਵਿਚ ਲੈ ਗਏ, ਜਿਥੇ ਸੁਰੱਖਿਆ ਅਧਿਕਾਰੀ ਨੇ ਤਲਾਸ਼ੀ ਲੈਣ ਮਗਰੋਂ ਇਹ ਪੋਥੀਆਂ ਤੇ ਗੁਟਕੇ ਦਫਤਰ 'ਚ ਅਲਮਾਰੀ ਦੇ ਉਪਰ ਉਂਝ ਹੀ ਰੱਖ ਦਿੱਤੇ। ਉਸ ਨੇ ਜੇਲ ਦੇ ਸੁਰੱਖਿਆ ਅਧਿਕਾਰੀ ਨੂੰ ਕਿਹਾ ਕਿ ਗੁਟਕਿਆਂ ਅਤੇ ਪੋਥੀਆਂ ਨੂੰ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਪਰ ਅਧਿਕਾਰੀ ਨੇ ਸੁਣਵਾਈ ਨਾ ਕੀਤੀ।


author

Gurminder Singh

Content Editor

Related News