ਨਾਭਾ ਜੇਲ ''ਚ ਕੈਦੀਆਂ ਨੇ ਪੁਲਸ ਖਿਲਾਫ ਖੋਲ੍ਹਿਆ ਮੋਰਚਾ
Thursday, Dec 12, 2019 - 10:21 AM (IST)

ਨਾਭਾ (ਰਾਹੁਲ)—ਨਾਭਾ ਜੇਲ 'ਚ ਬੰਦ ਪੰਜ ਕੈਦੀਆਂ ਵਲੋਂ ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੈਦੀਆਂ ਦੀ ਵਕੀਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੋਹਾਲੀ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੁਲਸ ਉਨ੍ਹਾਂ ਨੂੰ ਬੀਤੇ ਡੇਢ ਸਾਲ ਤੋਂ ਅਦਾਲਤ 'ਚ ਪੇਸ਼ ਨਹੀਂ ਕਰ ਰਹੀ ਤੇ ਉਨ੍ਹਾਂ ਦੇ ਕੇਸ ਨੂੰ ਉਲਝਾਉਣ 'ਚ ਲੱਗੀ ਹੋਈ ਹੈ, ਜਿਸ ਦੇ ਵਿਰੋਧ 'ਚ ਪੰਜ ਕੈਦੀ ਹਰਵਿੰਦਰ ਸਿੰਘ, ਰਣਦੀਪ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ ਤੇ ਸਤਨਾਮ ਸਿੰਘ ਵਲੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਜਦੋਂਕਿ ਇਨ੍ਹਾਂ ਦੀ ਇਕ ਸਾਥੀ ਅੰਮ੍ਰਿਤਪਾਲ ਕੌਰ ਜੋ ਪਟਿਆਲਾ ਜੇਲ 'ਚ ਬੰਦ ਹੈ, ਵਲੋਂ 4 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਚੁੱਕੀ ਹੈ। ਦੱਸਦੇਈਏ ਕਿ ਕੈਦੀਆਂ ਨੇ ਵਕੀਲ ਕੁਲਵਿੰਦਰ ਕੌਰ ਨੂੰ ਇਕ ਹੱਥ ਲਿਖਤੀ ਪ੍ਰੈੱਸ ਨੋਟ ਵੀ ਭੇਜਿਆ ਹੈ, ਜਿਸ ਨੂੰ ਵਕੀਲ ਵਲੋਂ ਜਾਰੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਕੈਦੀ ਗੈਰ-ਕਾਨੂੰਨੀ ਗਤੀਵਿਧੀਆਂ ਐਕਟ, ਅਸਲਾ ਐਕਟ ਤਹਿਤ ਨਾਭਾ ਦੀ ਮੈਕਸਿਮਮ ਸਕਿਊਰਿਟੀ ਜੇਲ 'ਚ ਬੰਦ ਹਨ। ਕੈਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ। ਉਨ੍ਹਾਂ ਕਿਹਾ ਜੇਕਰ ਇਸ ਹੜਤਾਲ ਦੌਰਾਨ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਸ ਲਈ ਸਰਕਾਰ ਤੇ ਪ੍ਰਸ਼ਾਸਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।