ਨਵਜੰਮੇ ਬੱਚੇ ਦੀ ਮੌਤ ''ਤੇ ਡਾਕਟਰ ਨਾਲ ਮਾਰਕੁੱਟ, ਹਸਪਤਾਲ ''ਚ ਭੰਨ-ਤੋੜ

11/18/2017 4:12:14 AM

ਮੁਕੇਰੀਆਂ, (ਨਾਗਲਾ)- ਸਥਾਨਕ ਇਕ ਨਿੱਜੀ ਹਸਪਤਾਲ ਵਿਚ ਨਵਜੰਮੇ ਬੱਚੇ ਦੀ ਮੌਤ ਹੋ ਜਾਣ ਕਾਰਨ ਡਾਕਟਰ ਨਾਲ ਮਾਰਕੁੱਟ ਕਰਨ ਅਤੇ ਹਸਪਤਾਲ ਵਿਚ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਸਥਾਨਕ ਸਿਵਲ ਹਸਪਤਾਲ ਵਿਚ ਬੱਚੇ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਬੱਚੇ ਦੇ ਪਿਤਾ ਸਰਬਜੀਤ ਅਤੇ ਦਾਦੇ ਚਰਨ ਸਿੰਘ ਵਾਸੀ ਪਿੰਡ ਪੁਰੀਕਾ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਉਕਤ ਡਾਕਟਰ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਉਸ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ 14 ਨਵੰਬਰ ਨੂੰ ਬੱਚੇ ਦਾ ਜਨਮ ਆਪ੍ਰੇਸ਼ਨ ਨਾਲ ਇਸੇ ਹਸਪਤਾਲ ਵਿਚ ਹੋਇਆ ਸੀ, ਜੋ ਕਿ ਬਿਲਕੁਲ ਠੀਕ-ਠਾਕ ਸੀ ਪਰ 16 ਨਵੰਬਰ ਨੂੰ ਪੀਲੀਏ ਦੀ ਸ਼ਿਕਾਇਤ ਹੋਣ 'ਤੇ ਬੱਚੇ ਨੂੰ ਫੋਟੋ-ਥੈਰੇਪੀ ਮਸ਼ੀਨ 'ਚ ਰੱਖ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਬਲੋਅਰ ਚਲਦਾ ਰਹਿਣ ਕਰ ਕੇ ਬੱਚੇ ਦੇ ਬੁੱਲ੍ਹ ਸੁੱਕ ਗਏ ਅਤੇ ਵਾਰ-ਵਾਰ ਰੋਣ ਉਪਰੰਤ ਉਹ ਸਦਾ ਲਈ ਚੁੱਪ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਬੱਚੇ ਦੇ ਸਾਹਮਣੇ ਬੈਠੇ ਸਨ ਪਰ 6 ਘੰਟੇ ਤੱਕ ਵਾਰ-ਵਾਰ ਕਹਿਣ 'ਤੇ ਵੀ ਕੋਈ ਬੱਚੇ ਨੂੰ ਦੇਖਣ ਨਹੀਂ ਆਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਚੀਕ-ਚਿਹਾੜਾ ਪਾਉਣ ਲੱਗੇ ਤਾਂ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਧੱਕੇ ਦਿੰਦੇ ਹੋਏ ਬਾਹਰ ਕੱਢ ਦਿੱਤਾ। 
ਇਸ ਸਬੰਧੀ ਜਦੋਂ ਡਾ. ਰਜਤ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਨੂੰ 13.9 ਮਿਲੀਗ੍ਰਾਮ ਪੀਲੀਆ ਸੀ, ਜਿਸ ਕਾਰਨ ਬੱਚੇ ਨੂੰ ਫੋਟੋ-ਥੈਰੇਪੀ ਮਸ਼ੀਨ 'ਚ ਰੱਖਿਆ ਗਿਆ। ਠੰਡ ਕਾਰਨ ਬਲੋਅਰ ਚਲਾਉਣਾ ਬਹੁਤ ਹੀ ਜ਼ਰੂਰੀ ਸੀ। ਬੱਚੇ ਦੀ ਅਚਾਨਕ ਹੋਈ ਮੌਤ ਸਬੰਧੀ ਉਨ੍ਹਾਂ ਦੱਸਿਆ ਕਿ ਦੁੱਧ ਪਿਆਉਣ ਉਪਰੰਤ ਆਏ ਡਕਾਰ ਕਾਰਨ ਦੁੱਧ ਬੱਚੇ ਦੇ ਫੇਫੜਿਆਂ 'ਚ ਚਲਾ ਗਿਆ, ਜੋ ਬੱਚੇ ਦੀ ਮੌਤ ਦਾ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਉਪਰੰਤ ਉਸ ਦੇ ਪਿਤਾ ਸਰਬਜੀਤ ਅਤੇ ਉਸ ਦੇ ਸਾਲੇ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰ ਕੇ ਉਸ ਦੇ ਹੱਥ ਦੀ ਇਕ ਉਂਗਲ ਤੱਕ ਤੋੜ ਦਿੱਤੀ। ਉਕਤ ਲੋਕਾਂ ਨੇ ਹਸਪਤਾਲ 'ਚ ਭੰਨ-ਤੋੜ ਕਰਦੇ ਹੋਏ ਫੋਟੋ-ਥੈਰੇਪੀ ਮਸ਼ੀਨ ਵੀ ਤੋੜ ਦਿੱਤੀ, ਜਿਸ ਦਾ ਵੀਡੀਓ ਹਸਪਤਾਲ ਦੇ ਮੁਲਾਜ਼ਮਾਂ ਦੇ ਫੋਨ 'ਚ ਕੈਦ ਹੈ।
ਇਸ ਸਬੰਧੀ ਜਦੋਂ ਥਾਣਾ ਮੁਖੀ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਧਾਰਾ 174 ਦੀ ਕਾਰਵਾਈ ਕਰਨ ਉਪਰੰਤ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ ਅਤੇ ਰਿਪੋਰਟ ਆਉਣ ਉਪਰੰਤ ਹੀ ਮਾਮਲਾ ਦਰਜ ਕੀਤਾ ਜਾਵੇਗਾ।


Related News