ਚੋਣਾਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ , ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ
Wednesday, Aug 17, 2022 - 11:37 AM (IST)
ਪਾਤੜਾਂ (ਚੋਪੜਾ) : ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਬਹਿਰ ਜੱਛ ਵਿਖੇ ਆਜ਼ਾਦੀ ਦਿਹਾੜੇ ਵਾਲੇ ਦਿਨ ਇਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਵੱਲੋਂ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ਹਿਰ ਦੇ ਭਗਤ ਸਿੰਘ ਚੌਕ ’ਚ ਲਾਸ਼ ਨੂੰ ਰੱਖ ਕੇ ਦਿੱਲੀ-ਸੰਗਰੂਰ ਕੌਮੀ ਮਾਰਗ ਜਾਮ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸੂਬੇ 'ਚ ਖੁੱਲਣਗੇ 25 ਹੋਰ ਮੁਹੱਲਾ ਕਲੀਨਿਕ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਘਰ ਕੰਮ ਕਰ ਰਹੇ ਸੀ। ਜਦੋਂ ਰਾਂਝਾ ਰਾਮ ਬਾਹਰੋਂ ਸਾਮਾਨ ਚੁੱਕਣ ਗਿਆ ਤਾਂ ਕਥਿਤ ਦੋਸ਼ੀਆਂ ਨੇ ਉਸ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਿਸ ਨੂੰ ਛੁਡਾਉਣ ਲਈ ਉਸ ਦਾ ਭਰਾ ਜੌਨੀ ਰਾਮ ਗਿਆ ਉਸ ’ਤੇ ਵੀ ਕਿਰਚ ਨਾਲ ਵਾਰ ਕਰ ਦਿੱਤਾ। ਰਾਂਝਾ ਰਾਮ (31) ਨੂੰ ਜਦੋਂ ਹਸਪਤਾਲ ਲਿਜਾ ਰਹੇ ਸੀ ਤਾਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਲੰਘੀਆਂ ਪੰਚਾਇਤੀ ਚੋਣਾਂ ਸਮੇਂ ਮ੍ਰਿਤਕ ਦੀ ਮਾਤਾ ਵੱਲੋਂ ਦੋਸ਼ੀ ਸੰਜੀਵ ਕੁਮਾਰ ਦੀ ਪਤਨੀ ਖ਼ਿਲਾਫ਼ ਚੋਣ ਲੜੀ ਸੀ, ਜਿਨ੍ਹਾਂ ਦੀ ਚੋਣਾਂ ਨੂੰ ਲੈ ਕੇ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ, ਜੋ ਖੂਨੀ ਜੰਗ ’ਚ ਬਦਲ ਗਈ।
ਇਹ ਵੀ ਪੜ੍ਹੋ- 25 ਸਾਲ ਤੋਂ ਲਾਪਤਾ ਸਿਪਾਹੀ ਪਿਤਾ ਦੇ ਨਾ ਮਿਲਣ ਤੋਂ ਪਰੇਸ਼ਾਨ ਪੁੱਤ ਨੇ ਚੁੱਕਿਆ ਇਹ ਕਦਮ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਪੁਲਸ ਵੱਲੋਂ ਦੋਸ਼ੀ ਰਿੰਕੂ ਰਾਮ ਪੁੱਤਰ ਰੁਲਦੂ ਰਾਮ, ਗੁਰਜੀਤ ਰਾਮ ਪੁੱਤਰ ਡੋਗਰ ਰਾਮ, ਡੋਗਰ ਰਾਮ ਪੁੱਤਰ ਜੋਗਿੰਦਰ ਰਾਮ, ਸੰਜੀਵ ਕੁਮਾਰ ਪੁੱਤਰ ਦਿਆਲਾ ਰਾਮ, ਰਵੀ ਰਾਮ ਪੁੱਤਰ ਬਲਵੀਰ, ਰਾਜ ਕੁਮਾਰ ਪੁੱਤਰ ਜੋਗਿੰਦਰ ਰਾਮ, ਹਰੀਸ਼ ਕੁਮਾਰ ਪੁੱਤਰ ਲਛਮਣ ਰਾਮ ਵਾਸੀਅਨ ਬਹਿਰ ਜੱਛ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਜਾਰੀ ਸੀ। ਇਸ ਸਬੰਧੀ ਡੀ. ਐੱਸ. ਪੀ. ਪਾਤੜਾਂ ਗੁਰਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਮੁੱਦਈ ਧਿਰ ਵਾਲੇ ਮਾਮਲੇ ’ਚ ਕੁਝ ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਵਾਉਣਾ ਚਾਹੁੰਦੇ ਹਨ, ਜਿਸ ਵਾਸਤੇ ਲਿਖਾ-ਪੜ੍ਹੀ ਚੱਲ ਰਹੀ ਹੈ। ਦੋਸ਼ੀਆਂ ’ਚੋਂ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।