ਦਿਨ ਦਿਹਾੜੇ 40 ਸਾਲਾ ਔਰਤ ਦਾ ਕਤਲ, ਪਿੰਡ 'ਚ ਦਹਿਸ਼ਤ ਦਾ ਮਾਹੌਲ

Saturday, Apr 25, 2020 - 07:16 PM (IST)

ਦਿਨ ਦਿਹਾੜੇ 40 ਸਾਲਾ ਔਰਤ ਦਾ ਕਤਲ, ਪਿੰਡ 'ਚ ਦਹਿਸ਼ਤ ਦਾ ਮਾਹੌਲ

ਬਲਾਚੌਰ, (ਵਿਨੋਦ ਬੈਂਸ, ਤ੍ਰਿਪਾਠੀ)— ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਸੁਧਾ ਮਾਜਰਾ ਵਿਖੇ ਸ਼ਨੀਵਾਰ ਦਿਨ ਦਿਹਾੜੇ ਇਕ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੰਟਰੋਲ ਰੂਮ 'ਤੇ ਔਰਤ ਦੀ ਹੱਤਿਆ ਸੰਬੰਧੀ ਆਈ ਜਾਣਕਾਰੀ ਉਪਰੰਤ ਉਹ ਐੱਸ. ਐੱਚ. ਓ. ਕਾਠਗੜ੍ਹ ਪਰਮਿੰਦਰ ਸਿੰਘ ਸਣੇ ਮੌਕੇ 'ਤੇ ਪੁੱਜ ਗਏ ਸਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਨਰਿੰਦਰ ਕੌਰ (40) ਦਾ ਪਤੀ ਖੇਤਾਂ 'ਚ ਕੰਮ ਕਰਨ ਲਈ ਗਿਆ ਸੀ, ਜਦਕਿ ਉਸਦਾ 15 ਸਾਲਾ ਲੜਕਾ ਜੋ ਬੋਲ੍ਹਣ 'ਚ ਅਸਮਰਥ ਹੈ, ਘਰ 'ਚ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਕਰੀਬ 2 ਵਜੇ ਉਪਰੋਕਤ ਲੜਕੇ ਨੇ ਆਪਣੀ ਮਾਂ ਨੂੰ ਘਰ ਦੇ ਇਕ ਖੁੰਝੇ 'ਚ ਲਹੂਲੁਹਾਨ ਦੇਖਿਆ ਤਾਂ ਉਹ ਘਰ ਦੇ ਬਾਹਰ ਗਲੀ 'ਚ ਆ ਕੇ ਉੱਚੀ ਅਵਾਜ 'ਚ ਰੌਣ ਲੱਗਾ। ਜਿਸ 'ਤੇ ਗੁਆਂਢ ਦੀਆਂ 2 ਮਹਿਲਾਵਾਂ ਜਦੋਂ ਉਸਦੇ ਘਰ ਆਈਆਂ ਤਾਂ ਉਪਰੋਕਤ ਨਰਿੰਦਰ ਕੌਰ ਮਹਿਲਾ ਮਰੀ ਪਈ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ 'ਚ ਸਾਹਮਣੇ ਆਇਆ ਹੈ ਕਿ ਉਪਰੋਕਤ ਮਹਿਲਾ ਦਾ ਕਤਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗਲੇ 'ਚ ਤੇਜ਼ਧਾਰ ਹੱਥਿਆਰ ਰੱਖ ਕੇ ਗਲਾ ਘੁੱਟ ਕੇ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਹੱਤਿਆ ਸਵੇਰੇ ਕਰੀਬ 12 ਵਜੇ ਹੋਈ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਅਤੇ ਫਿੰਗਰ ਪ੍ਰਿੰਟ ਟੀਮ ਵੱਲੋਂ ਮੌਕੇ 'ਤੇ ਸਬੂਤ ਜੁਟਾਉਣ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਪੁਲਸ ਨੇ ਫਿਲਹਾਲ ਅਣਪਛਾਤੇ ਕਾਤਲ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਪਰੋਕਤ ਘਟਨਾ ਨੂੰ ਲੈ ਕੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਕਰਫਿਊ ਲੱਗਾ ਹੋਇਆ ਹੈ ਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਰੋਕ ਅਜਿਹੇ ਦਿਨ ਦਿਹਾੜੇ ਘਰ 'ਚ ਵੱੜ੍ਹ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਉਣਾ ਡਰਾਉਣ ਵਾਲਾ ਮਾਮਲਾ ਹੈ।


author

KamalJeet Singh

Content Editor

Related News