ਅਮਰੀਕਾ ''ਚ ਕਤਲ ਕੀਤੇ ਗਏ ਸੰਦੀਪ ਦੀ ਲਾਸ਼ ਘਰ ਪਹੁੰਚਦੇ ਹੀ ਧਾਂਹਾ ਮਾਰ ਰੋਇਆ ਪਰਿਵਾਰ, ਹਰ ਪਾਸੇ ਮਚੀ ਚੀਕ ਪੁਕਾਰ
Friday, Dec 08, 2017 - 10:02 AM (IST)
ਜਲੰਧਰ (ਮਹੇਸ਼)—12 ਦਿਨ ਪਹਿਲਾਂ ਅਮਰੀਕਾ ਦੇ ਸ਼ਹਿਰ ਜੈਕਸਨ ਸਿਟੀ 'ਚ ਨੀਗਰੋ ਲੁਟੇਰਿਆਂ ਵੱਲੋਂ ਲੁੱਟ ਦੇ ਇਰਾਦੇ ਨਾਲ ਗੋਲੀ ਮਾਰ ਕੇ ਕਤਲ ਕੀਤੇ ਪ੍ਰਵਾਸੀ ਪੰਜਾਬੀ ਨੌਜਵਾਨ ਸੰਦੀਪ ਸਿੰਘ ਦੀ ਲਾਸ਼ ਵੀਰਵਾਰ ਰਾਤ ਭਾਰਤ ਪਹੁੰਚ ਗਈ ਹੈ, ਜਿਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਦੇਰ ਰਾਤ ਸੰਦੀਪ ਦੇ ਪੁਲਸ ਮੁਲਾਜ਼ਮ ਪਿਤਾ ਬਲਵਿੰਦਰ ਸਿੰਘ ਨਿਵਾਸੀ ਨਿਊ ਡਿਫੈਂਸ ਕਾਲੋਨੀ ਫੇਜ਼-1 ਬੜਿੰਗ ਰੋਡ ਦੀਪ ਨਗਰ ਆਪਣੇ ਨਿਵਾਸ ਸਥਾਨ 'ਤੇ ਲੈ ਗਏ ਹਨ। ਉਨ੍ਹਾਂ ਨਾਲ ਅਮਰੀਕਾ ਤੋਂ ਆਏ ਸੰਦੀਪ ਦੇ ਚਾਚਾ ਸ਼ਰਨਜੀਤ ਸਿੰਘ ਅਤੇ ਤਾਇਆ ਕਰਮਜੀਤ ਸਿੰਘ ਤੋਂ ਇਲਾਵਾ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ।
ਸੰਦੀਪ ਦੀ ਲਾਸ਼ ਘਰ ਪਹੁੰਚਦੇ ਹੀ ਰਾਤ ਹੋਣ ਦੇ ਬਾਵਜੂਦ ਦਰਦਨਾਕ ਚੀਕਾਂ ਸੁਣਨ ਨੂੰ ਮਿਲੀਆਂ ਅਤੇ ਇਹ ਸਮਾਂ ਉਹ ਸੀ ਜਦ ਸੰਦੀਪ ਦੀ ਮਾਂ ਗੁਰਜੀਤ ਕੌਰ ਅਤੇ ਭੈਣ ਸ਼ਰਨਜੀਤ ਕੌਰ ਸ਼ੈਲੀ ਉਸਦੀ ਲਾਸ਼ ਸਾਹਮਣੇ ਪਈ ਹੋਣ ਦੇ ਬਾਵਜੂਦ ਉਸ ਦੀ ਮੌਤ 'ਤੇ ਯਕੀਨ ਕਰਨ ਨੂੰ ਤਿਆਰ ਨਹੀਂ ਸਨ। ਇਸ ਤੋਂ ਇਲਾਵਾ ਹੋਰ ਪਹੁੰਚੇ ਹੋਏ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਦੀਆਂ ਅੱਖਾਂ ਵਿਚ ਵਹਿ ਰਹੇ ਹੰਝੂਆਂ ਨੇ ਇਕ ਵਾਰ ਫਿਰ 12 ਦਿਨ ਪਹਿਲਾਂ ਵਾਲੀ ਯਾਦ ਨੂੰ ਤਾਜ਼ਾ ਕਰ ਦਿੱਤਾ। ਅਜਿਹਾ ਹੀ ਮਾਹੌਲ ਸੰਦੀਪ ਦੇ ਘਰ ਉਸ ਸਮੇਂ ਸੀ ਜਦ ਉਸਦੀ ਹੱਤਿਆ ਦੀ ਸੂਚਨਾ ਜਲੰਧਰ ਪਹੁੰਚੀ ਸੀ। ਸੰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਇਰਾਦਾ ਕਿਸੇ ਹਸਪਤਾਲ ਵਿਚ ਰੱਖਣ ਦਾ ਸੀ ਪਰ ਬਾਅਦ ਵਿਚ ਉਨ੍ਹਾਂ ਇਹ ਸੋਚ ਕੇ ਆਪਣਾ ਇਰਾਦਾ ਬਦਲ ਲਿਆ ਕਿ ਜਿਸ ਸੰਦੀਪ ਲਈ ਉਨ੍ਹਾਂ ਨੇ ਬੜੇ ਹੀ ਚਾਅ ਨਾਲ ਨਵਾਂ ਘਰ ਬਣਾਇਆ ਸੀ ਅਤੇ ਉਸਦੇ ਆਉਣ ਨੂੰ ਲੈ ਕੇ ਸ਼ਿੰਗਾਰ ਰਹੇ ਸਨ, ਨੂੰ ਜਿਊਂਦੇ ਜੀ ਉਨ੍ਹਾਂ ਦਾ ਬੇਟਾ ਇਸਨੂੰ ਵੇਖ ਨਾ ਸਕਿਆ। ਹੁਣ ਉਸਦੀ ਲਾਸ਼ ਪੂਰੀ ਰਾਤ ਉਨ੍ਹਾਂ ਕੋਲ ਘਰ ਵਿਚ ਪਈ ਰਹੇਗੀ ਤਾਂ ਉਨ੍ਹਾਂ ਨੂੰ ਅਜਿਹਾ ਲੱਗੇਗਾ ਕਿ ਉਹ ਆਪਣੇ ਘਰ ਨੂੰ ਚੰਗੀ ਤਰ੍ਹਾਂ ਨਾਲ ਦੇਖ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਮ ਬਾਗ ਦੀਪ ਨਗਰ ਜਲੰਧਰ ਕੈਂਟ ਵਿਚ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। 10.30 ਵਜੇ ਨਿਵਾਸ ਸਥਾਨ ਤੋਂ ਅੰਤਿਮ ਯਾਤਰਾ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।
