ਬਠਿੰਡਾ ''ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਮਲੇ ਦੀ ਜਾਂਚ ''ਚ ਜੁੱਟੀ ਪੁਲਸ
Monday, Sep 14, 2026 - 04:33 PM (IST)
ਬਠਿੰਡਾ (ਸੁਖਵਿੰਦਰ) : ਅਣਪਛਾਤੇ ਵਿਅਕਤੀਆਂ ਨੇ ਬੀਤੇ ਦਿਨ ਅਰਜੁਨ ਨਗਰ ਦੇ ਇੱਕ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਵਿਆਹ ਸਮਾਗਮਾਂ ਅਤੇ ਹੋਰ ਸਮਾਗਮਾਂ 'ਚ ਸ਼ਾਮਲ ਹੁੰਦਾ ਸੀ। ਆਪਣੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਉਹ ਉਸ ਰਾਤ ਇੱਕ ਸਮਾਗਮ 'ਚ ਸ਼ਾਮਲ ਹੋਣ ਬਾਰੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ। ਥਾਣਾ ਕੈਨਾਲ ਕਾਲੋਨੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਰਘਵੀਰ ਸਿੰਘ ਉਰਫ਼ ਲੱਕੀ ਅਰਜੁਨ ਨਗਰ 'ਚ ਇਕੱਲਾ ਰਹਿੰਦਾ ਸੀ। ਉਸਦੀ ਭੈਣ ਰਵਿੰਦਰ ਵਾਸੀ ਬੀੜ ਤਾਲਾਬ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਦਿਨ ਉਸਨੇ ਆਪਣੇ ਭਰਾ ਨੂੰ ਉਸਦੇ ਘਰ 'ਚ ਗੰਭੀਰ ਜ਼ਖਮੀ ਹਾਲਤ 'ਚ ਪਾਇਆ ਸੀ। ਉਸਨੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਦੇ ਭਰਾ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਸਨ।
ਪਤਾ ਲੱਗਾ ਹੈ ਕਿ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਰਘਵੀਰ ਸਿੰਘ ਨੇ ਆਪਣੇ ਦੋਸਤਾਂ ਨਾਲ ਰਾਤ ਨੂੰ ਇੱਕ ਸਮਾਗਮ 'ਚ ਜਾਣ ਬਾਰੇ ਆਪਣੇ ਵਲੋਂ ਬਣਾਏ ਗਏ ਇੱਕ ਵਟਸਐਪ ਗਰੁੱਪ 'ਚ ਰਾਤ ਨੂੰ ਇੱਕ ਸਮਾਗਮ ਵਿਚ ਜਾਣ ਬਾਰੇ ਗੱਲ ਵੀ ਕੀਤੀ ਸੀ ਪਰ ਬਾਅਦ ਵਿੱਚ ਉਹ ਉਸਦੇ ਘਰੋਂ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਪੁਲਸ ਨੇ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮ੍ਰਿਤਕ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ।
