ਕੌਂਸਲਰ ਦੇ ਪੁੱਤਰ ਸੰਨੀ ਦਾ 5 ਦਿਨ ਹੋਰ ਵਧਿਆ ਰਿਮਾਂਡ, ਲਾਸ਼ ਦੇ ਪੋਸਟਮਾਰਟਮ ਦੀ ਮਿਲੀ ਮਨਜ਼ੂਰੀ
Saturday, Jul 28, 2018 - 05:27 AM (IST)
ਲੁਧਿਆਣਾ(ਰਿਸ਼ੀ, ਮਹਿਰਾ)-ਅਮਰਪੁਰਾ ’ਚ ਘਰ ਵਿਚ ਦਾਖਲ ਹੋ ਕੇ ਕਾਂਗਰਸੀ ਕੌਂਸਲਰ ਦੇ ਪੁੱਤਰ ਸੰਨੀ ਵਲੋਂ ਹਾਇਰ ਕਿਲਰਾਂ ਦੇ ਨਾਲ ਮਿਲ ਕੇ ਭਾਜਪਾ ਸਮਰਥਕ ਰਿੰਕਲ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਇਕ ਦੋਸ਼ੀ ਸੰਨੀ ਨੂੰ ਬਾਅਦ ਦੁਪਹਿਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਪੁਲਸ ਨੇ ਹੋਰ ਹਤਿਆਰਿਆਂ ਤੱਕ ਪਹੁੰਚਣ ਲਈ 5 ਦਿਨ ਦਾ ਹੋਰ ਰਿਮਾਂਡ ਮੰਗਿਆ ਅਤੇ ਕੋਰਟ ਵਲੋਂ 5 ਦਿਨ ਦਾ ਹੀ ਰਿਮਾਂਡ ਦੁਬਾਰਾ ਦਿੱਤਾ ਗਿਆ। ਹੁਣ ਸੰਨੀ ਨੂੰ 1 ਅਗਸਤ ਨੂੰ ਫਿਰ ਤੋਂ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।ਉਥੇ ਦੂਜੇ ਪਾਸੇ ਪੁਲਸ ਵਲੋਂ ਅਦਾਲਤ ਵਿਚ ਅਰਜ਼ੀ ਲਾਈ ਗਈ ਕਿ 7 ਦਿਨ ਗੁਜ਼ਰ ਜਾਣ ’ਤੇ ਵੀ ਰਿੰਕਲ ਦੇ ਰਿਸ਼ਤੇਦਾਰ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ ’ਤੇ ਅਡ਼ੇ ਹੋਏ ਹਨ, ਜਿਸ ਕਾਰਨ ਪੁਲਸ ਨੂੰ ਮਾਮਲੇ ਦੀ ਜਾਂਚ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ’ਚ ਸਮੱਸਿਆ ਆ ਰਹੀ ਹੈ। ਪੁਲਸ ਵਲੋਂ ਅਦਾਲਤ ’ਚ ਦਿੱਤੀ ਅਰਜ਼ੀ ਨੂੰ ਮਾਣਯੋਗ ਜੱਜ ਵਲੋਂ ਸਵੀਕਾਰ ਕਰ ਲਿਆ ਗਿਆ। ਹੁਣ ਸ਼ਨੀਵਾਰ ਨੂੰ ਰਿੰਕਲ ਦਾ ਪੁਲਸ ਵਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਵੀਡੀਓਗ੍ਰਾਫੀ ਵੀ ਪੁਲਸ ਵਲੋਂ ਕਰਵਾਈ ਜਾਵੇਗੀ, ਜਿਸ ਦੇ ਬਾਅਦ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਪਛਾਣ ਕਰਨ ਲਈ ਰਿਸ਼ਤੇਦਾਰਾਂ ਨੂੰ ਕਿਹਾ
ਅਦਾਲਤ ਅਨੁਸਾਰ ਪੋਸਟਮਾਰਟਮ ਕਰਵਾਉਣ ਤੋਂ ਪਹਿਲਾਂ ਇਕ ਵਾਰ ਰਿਸ਼ਤੇਦਾਰਾਂ ਤੋਂ ਲਾਸ਼ ਦੀ ਪਛਾਣ ਕਰਵਾਈ ਜਾਵੇ, ਜੇਕਰ ਰਿਸ਼ਤੇਦਾਰ ਕਾਗਜ਼ ’ਤੇ ਹਸਤਾਖਰ ਕਰਨ ਜਾਂ ਫਿਰ ਪਛਾਣ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਪੁਲਸ ਵਾਰਡ ਦੇ ਕਿਸੇ ਵੀ ਇਸ ਤਰ੍ਹਾਂ ਦੇ ਵਿਅਕਤੀ ਦੇ ਹਸਤਾਖਰ ਕਰਵਾ ਸਕਦੀ ਹੈ, ਜੋ ਲਾਸ਼ ਦੀ ਪਛਾਣ ਕਰ ਸਕੇ।
ਰਿੰਕਲ ਦੇ ਦੋਸਤਾਂ ਨੇ ਚਲਾਈਅਾਂ ਵੀਡੀਓਜ਼
ਰਿੰਕਲ ਦੇ ਦੋਸਤਾਂ ਵਲੋਂ ਸੋਸ਼ਲ ਮੀਡੀਆ ’ਤੇ ਰਿੰਕਲ ਦੀਅਾਂ ਕਈ ਵੀਡੀਓਜ਼ ਚਲਾਈਆਂ ਗਈਆਂ, ਜਿਸ ਵਿਚ ਉਸ ਦੀਅਾਂ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੀਆਂ ਕਈ ਫੋਟੋਆਂ ਸ਼ੇਅਰ ਕੀਤੀਆਂ ਗਈਆਂ। ਇਸ ਦੇ ਨਾਲ ਵਟਸਐਪ ਦੇ ਹਰ ਗਰੁੱਪ ’ਚ ਵੀਡੀਓਜ਼ ਦੋਸਤਾਂ ਵਲੋਂ ਭੇਜੀਅਾਂ ਗਈਅਾਂ।
ਨੀਟੂ ਦੀ ਗ੍ਰਿਫਤਾਰੀ ਤੇ ਪੇਸ਼ ਹੋਣ ਦੀਆਂ ਉਡੀਆਂ ਅਫਵਾਹਾਂ
ਸਾਰਾ ਦਿਨ ਸ਼ਹਿਰ ’ਚ ਕਾਂਗਰਸੀ ਕੌਂਸਲਰ ਨੀਟੂ ਦੇ ਗ੍ਰਿਫਤਾਰ ਹੋਣ ਦੀਆਂ ਅਫਵਾਹਾਂ ਦਾ ਦੌਰ ਚੱਲਿਆ। ਸਵੇਰੇ ਲੋਕ ਸੀ. ਆਈ. ਏ. ਵਲੋਂ ਨੀਟੂ ਨੂੰ ਗ੍ਰਿਫਤਾਰ ਕੀਤੇ ਜਾਣ ਦੀ, ਜਦਕਿ ਦੁਪਹਿਰ ਨੂੰ ਸੰਨੀ ਦੇ ਨਾਲ ਅਦਾਲਤ ’ਚ ਪੇਸ਼ ਹੋਣ ਦੀ ਗੱਲ ਕਰਦੇ ਦਿਖੇ। ਇੰਨਾ ਹੀ ਨਹੀਂ ਦੇਰ ਸ਼ਾਮ ਇਕ ਵਾਰ ਫਿਰ ਨੀਟੂ ਦੇ ਪੁਲਸ ਦੇ ਸਾਹਮਣੇ ਪੇਸ਼ ਹੋਣ ਦੀਆਂ ਅਫਵਾਹਾਂ ਚੱਲੀਆਂ, ਜੋ ਅਮਰਪੁਰਾ ਤੋਂ ਲੈ ਕੇ ਸ਼ਹਿਰ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਨੇਤਾ ਦੀ ਜ਼ੁਬਾਨ ’ਤੇ ਸੀ।
ਪੁਲਸ ਨੇ ਕੀਤੇ ਪੂਰੇ ਪ੍ਰਬੰਧ
ਰਿੰਕਲ ਦੇ ਪੋਸਟਮਾਰਟਮ ਦੌਰਾਨ ਕਿਤੇ ਵੀ ਅਣਹੋਣੀ ਘਟਨਾ ਨਾ ਹੋਵੇ, ਇਸ ਦੇ ਕਾਰਨ ਪੁਲਸ ਵਲੋਂ ਪੂਰੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਪੁਲਸ ਅਨੁਸਾਰ ਸੀ. ਐੱਮ. ਸੀ. ਹਸਪਤਾਲ ਤੋਂ ਲੈ ਕੇ ਸਿਵਲ ਹਸਪਤਾਲ ਅਤੇ ਰਿੰਕਲ ਦੇ ਘਰ ਭਾਰੀ ਫੋਰਸ ਤਾਇਨਾਤ ਕੀਤੀ ਜਾਵੇਗੀ, ਤਾਂ ਕਿ ਸ਼ਾਂਤਮਈ ਢੰਗ ਨਾਲ ਪੁਲਸ ਆਪਣੀ ਕਾਨੂੰਨੀ ਕਾਰਵਾਈ ਕਰ ਸਕੇ।
ਕਚਹਿਰੀ ਕੰਪਲੈਕਸ ’ਚ ਦਿਸੀ ਭਾਰੀ ਫੋਰਸ
ਸੰਨੀ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਕਚਹਿਰੀ ’ਚ ਭਾਰੀ ਪੁਲਸ ਤਾਇਨਾਤ ਕੀਤੀ ਗਈ ਅਤੇ ਪੁਲਸ ਦੇ ਘੇਰੇ ’ਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
