ਮੋਬਾਇਲ ਕਾਲ ਦੀ ਗੱਲ ਤੋਂ ਗੁੱਸੇ ''ਚ ਆਏ ਦੋਸ਼ੀ ਨੇ ਕੰਧ ''ਚ ਮਾਰਿਆ ਪੂਜਾ ਦਾ ਸਿਰ, ਵਾਪਸ ਬੈੱਡ ਨਾਲ ਟਕਰਾਉਣ ਕਾਰਨ ਹੋਈ ਮੌਤ

03/30/2018 4:31:51 AM

ਲੁਧਿਆਣਾ(ਪੰਕਜ)-ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਪੂਜਾ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਵਾਰਦਾਤ ਦੇ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਆਪਣਾ ਜੁਰਮ ਕਬੂਲ ਲਿਆ ਹੈ। ਬੁੱਧਵਾਰ ਸ਼ਾਮ ਨੂੰ ਨਿਊ ਜਨਤਾ ਨਗਰ ਇਲਾਕੇ ਵਿਚ ਆਪਣੇ ਮਾਤਾ-ਪਿਤਾ ਨਾਲ ਰਹਿਣ ਵਾਲੀ ਪੂਜਾ ਦੇ ਕਤਲ ਦੇ ਕੇਸ ਵਿਚ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਆਤਮ ਨਗਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਪੂਜਾ ਆਪਣੇ ਬੇਟੇ ਸ਼ਿਵਾ (10) ਨਾਲ ਸ਼ਿਮਲਾਪੁਰੀ ਸਥਿਤ ਆਪਣੇ ਮਾਤਾ-ਪਿਤਾ ਦੇ ਘਰ ਆ ਕੇ ਰਹਿਣ ਲੱਗੀ। ਉਸ ਦਾ ਪਿਤਾ ਸੁਨੀਲ ਡਰਾਈਵਰ ਹੈ, ਜਦੋਂਕਿ ਉਸ ਦੀ ਮਾਂ ਰੇਖਾ ਘਰੇਲੂ ਔਰਤ ਹੈ।
ਆਪਣਾ ਅਤੇ ਆਪਣੇ ਬੇਟੇ ਦਾ ਖਰਚ ਚਲਾਉਣ ਲਈ ਲੋਕਾਂ ਦੇ ਘਰਾਂ 'ਚ ਫਿਨਾਇਲ ਵੇਚਣ ਦਾ ਕੰਮ ਕਰਨ ਵਾਲੀ ਪੂਜਾ ਦੀ ਕੁੱਝ ਸਾਲ ਪਹਿਲਾਂ ਹੈਬੋਵਾਲ ਨਿਵਾਸੀ ਚਰਨਜੀਤ ਸਿੰਘ ਦੇ ਨਾਲ ਦੋਸਤੀ ਹੋ ਗਈ ਅਤੇ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੇ। ਨਸ਼ਾ ਕਰਨ ਦੇ ਆਦੀ ਅਤੇ ਸ਼ੱਕੀ ਸੁਭਾਅ ਦਾ ਚਰਨਜੀਤ ਪੂਜਾ ਨਾਲ ਉਸ ਦੇ ਪੇਕੇ ਵਿਚ ਆ ਕੇ ਰਹਿਣ ਲੱਗ ਗਿਆ। ਇਸ ਦੌਰਾਨ ਪੂਜਾ ਨੇ ਇਕ ਬੇਟੀ ਨੂੰ ਜਨਮ ਦਿੱਤਾ।
ਆਮ ਕਰ ਕੇ ਹੁੰਦਾ ਰਹਿੰਦਾ ਸੀ ਝਗੜਾ
ਪੁਲਸ ਹਿਰਾਸਤ ਵਿਚ ਕਤਲ ਦੇ ਦੋਸ਼ੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੂਜਾ ਅਤੇ ਉਸ ਦਾ ਆਮ ਕਰ ਕੇ ਝਗੜਾ ਹੁੰਦਾ ਰਹਿੰਦਾ ਸੀ। ਬੁੱਧਵਾਰ ਨੂੰ ਉਸ ਦੇ ਮੋਬਾਇਲ 'ਤੇ ਆਈ ਕਾਲ ਨੂੰ ਲੈ ਕੇ ਦੋਵਾਂ ਵਿਚ ਝਗੜਾ ਹੋ ਗਿਆ। ਗੁੱਸੇ ਵਿਚ ਆ ਕੇ ਉਸ ਨੇ ਪੂਜਾ ਦਾ ਸਿਰ ਕੰਧ ਵਿਚ ਮਾਰਿਆ, ਜਿਸ ਨਾਲ ਉਸ ਦਾ ਮੱਥਾ ਬੈੱਡ ਦੇ ਕਾਰਨਰ 'ਚ ਲੱਗਾ ਅਤੇ ਮੌਕੇ 'ਤੇ ਹੀ ਮੌਤ ਹੋ ਗਈ।
ਗੁੱਸੇ 'ਚ ਬਲੇਡ ਨਾਲ ਕੱਟ ਲਈ ਹੱਥ ਦੀ ਨਸ
ਪੁਲਸ ਨੇ ਜਦੋਂ ਦੋਸ਼ੀ ਚਰਨਜੀਤ ਨੂੰ ਕਾਬੂ ਕੀਤਾ ਤਾਂ ਉਸ ਦੇ ਦੋਵਾਂ ਹੱਥਾਂ ਦੀਆਂ ਨਸਾਂ ਕੱਟੀਆਂ ਹੋਈਆਂ ਸਨ ਅਤੇ ਉਸ 'ਤੇ ਪੱਟੀ ਬੰਨ੍ਹੀ ਹੋਈ ਸੀ। ਇਸ ਦੀ ਵਜ੍ਹਾ ਦੱਸਦੇ ਹੋਏ ਦੋਸ਼ੀ ਨੇ ਦੱਸਿਆ ਕਿ ਝਗੜੇ ਦੌਰਾਨ ਉਹ ਇੰਨੇ ਗੁੱਸੇ ਵਿਚ ਆ ਗਿਆ ਕਿ ਬਲੇਡ ਨਾਲ ਉਸ ਨੇ ਆਪਣੇ ਇਕ ਹੱਥ ਦੀ ਨਸ ਕੱਟ ਲਈ। ਨਾਲ ਹੀ ਆਪੇ ਤੋਂ ਬਾਹਰ ਹੋਈ ਪੂਜਾ ਨੇ ਬਲੇਡ ਖੋਹ ਕੇ ਉਸ ਦੇ ਦੂਜੇ ਹੱਥ ਦੀ ਨਸ ਵੀ ਕੱਟ ਦਿੱਤੀ।
ਪਹਿਲੀ ਪਤਨੀ ਨੂੰ ਮਿਲਣ ਤੋਂ ਰੋਕਦੀ ਸੀ ਪੂਜਾ
ਦੋਸ਼ੀ ਚਰਨਜੀਤ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਆਪਣੇ ਬੇਟੇ ਦੇ ਨਾਲ ਪ੍ਰਤਾਪਪੁਰਾ, ਹੈਬੋਵਾਲ ਵਿਚ ਰਹਿੰਦੀ ਹੈ। ਪੂਜਾ ਦੇ ਨਾਲ ਉਸ ਦੇ ਪੇਕੇ ਘਰ ਵਿਚ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਚਰਨਜੀਤ ਨੇ ਦੱਸਿਆ ਕਿ ਪੂਜਾ ਉਸ ਨੂੰ ਆਪਣੀ ਪਤਨੀ ਅਤੇ ਬੇਟੇ ਨੂੰ ਮਿਲਣ ਨੂੰ ਲੈ ਕੇ ਅਕਸਰ ਝਗੜਦੀ ਰਹਿੰਦੀ ਸੀ। ਵਾਰਦਾਤ ਦੇ ਦਿਨ ਉਸ ਦੇ ਮੋਬਾਇਲ 'ਤੇ ਆਈ ਕਾਲ ਤੋਂ ਪੂਜਾ ਨੂੰ ਇਹ ਸ਼ੱਕ ਹੋਇਆ ਕਿ ਫੋਨ ਉਸ ਦੀ ਪਹਿਲੀ ਪਤਨੀ ਦਾ ਸੀ। ਬੱਸ ਇਹੀ ਸ਼ੱਕ ਝਗੜੇ ਦੀ ਵਜ੍ਹਾ ਬਣਿਆ ਅਤੇ ਉਸ ਦੇ ਹੱਥੋਂ ਪੂਜਾ ਦਾ ਕਤਲ ਹੋ ਗਿਆ।
ਨਾਨੀ ਕੀ ਮੰਮੀ ਹੁਣ ਕਦੇ ਨਹੀਂ ਆਵੇਗੀ?
ਬੈੱਡ 'ਤੇ ਖੂਨ ਨਾਲ ਲਥਪਥ ਪਈ ਆਪਣੀ ਮੰਮੀ ਦੀ ਲਾਸ਼ ਦੇਖ ਕੇ ਜਿੱਥੇ ਪੂਜਾ ਦਾ ਬੇਟਾ ਸ਼ਿਵਾ ਗੁੰਮਸੁੰਮ ਹੋ ਗਿਆ, ਉੱਥੇ ਉਸ ਦੀ ਪੰਜ ਸਾਲਾ ਬੇਟੀ ਰੀਆ ਵਾਰ-ਵਾਰ ਆਪਣੀ ਨਾਨੀ ਤੋਂ ਇਹੀ ਪੁੱਛਦੀ ਰਹੀ ਕਿ ਕੀ ਉਸ ਦੀ ਮੰਮੀ ਹੁਣ ਕਦੇ ਨਹੀਂ ਆਵੇਗੀ। ਮਾਸੂਮ ਬੱਚੀ ਦੇ ਸਵਾਲ ਉੱਥੇ ਖੜ੍ਹੇ ਸ਼ਖਸ ਨੂੰ ਰੁਆਉਂਦੇ ਰਹੇ।


Related News