ਬੂਟਾ ਖਾਂ ਕਤਲ ਮਾਮਲੇ ''ਚ ਪੁਲਸ ਦੇ ਹੱਥ ਕੁਝ ਸੁਰਾਗ ਲੱਗਣ ਦੇ ਸੰਕੇਤ
Tuesday, Mar 13, 2018 - 02:53 AM (IST)

ਮੌੜ ਮੰਡੀ(ਪ੍ਰਵੀਨ)-ਬੀਤੇ ਲੰਮੇ ਸਮੇਂ ਤੋਂ ਬੂਟਾ ਖਾਂ ਦੇ ਕਤਲ ਮਾਮਲੇ ਨੂੰ ਲੈ ਕੇ ਇਕ ਵਾਰ ਸ਼ਾਂਤ ਹੋ ਚੁੱਕੀ ਪੁਲਸ ਫਿਰ ਸਰਗਰਮ ਨਜ਼ਰ ਆ ਰਹੀ ਹੈ। ਪੁਲਸ ਵੱਲੋਂ ਜਾਂਚ-ਪੜਤਾਲ ਦੁਬਾਰਾ ਤੇਜ਼ ਕੀਤੇ ਜਾਣ ਬਾਰੇ ਚਰਚਾ ਪੂਰੇ ਜ਼ੋਰਾਂ 'ਤੇ ਹੈ। ਅੱਜ ਤੋਂ ਲਗਭਗ 7 ਮਹੀਨੇ ਪਹਿਲਾਂ ਇਕ ਸ਼ੈੱਲਰ 'ਚ ਹੋਏ ਬੂਟਾ ਖਾਂ ਦੇ ਕਤਲ ਦੀ ਗੁੱਥੀ ਸੁਲਝਾਉਣ 'ਚ ਅਸਫ਼ਲ ਰਹੀ ਪੁਲਸ ਦੇ ਇਕ ਵਾਰ ਫਿਰ ਤੋਂ ਸਰਗਰਮ ਹੋ ਜਾਣ ਦੀ ਚਰਚਾ ਹੈ। ਜਾਂਚ ਸਬੰਧੀ ਪੁਲਸ ਵੱਲੋਂ ਕੁਝ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੂਟਾ ਖਾਂ ਦੀ ਲਾਸ਼ ਇਸ ਸ਼ੈੱਲਰ ਦੇ ਗਟਰ 'ਚੋਂ ਗਲੀ-ਸੜੀ ਹਾਲਤ ਵਿਚ ਮਿਲੀ ਸੀ। ਲੋਕਾਂ ਵੱਲੋਂ ਇਸ ਕਤਲ ਨੂੰ ਸੁਲਝਾਉਣ ਲਈ ਕਾਫੀ ਧਰਨੇ-ਮੁਜ਼ਾਹਰੇ ਕੀਤੇ ਗਏ ਸਨ ਪ੍ਰੰਤੂ ਪੁਲਸ ਪ੍ਰਸ਼ਾਸਨ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਇਕ ਰੇਹ ਵਾਲੀ ਰੂੜੀ ਚੁਕਦੇ ਸਮੇਂ ਮਿਲੇ ਮੋਬਾਇਲ ਦੇ ਆਧਾਰ ਤੇ ਪੁਲਸ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਕਾਫੀ ਲੰਮੇ ਤੋਂ ਸਮੇਂ ਬਾਅਦ ਇਸ ਮੋਬਾਇਲ ਦੇ ਹਰਕਤ ਵਿਚ ਆਉਣ ਪਿੱਛੋਂ ਪੁਲਸ ਵੀ ਚੌਕਸ ਹੋ ਗਈ ਗਈ ਹੈ। ਪੁਲਸ ਵੱਲੋਂ ਇਸ ਮੋਬਾਇਲ ਦੇ ਆਧਾਰ ਤੇ ਕੁਝ ਵਿਅਕਤੀਆਂ ਤੋਂ ਗੁਪਤ ਤਰੀਕੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੋ ਮੋਬਾਇਲ ਫੋਨ ਹੱਥ ਲੱਗਾ ਹੈ, ਉਹ ਬੂਟਾ ਖਾਂ ਦੇ ਨਜ਼ਦੀਕ ਰਹਿਣ ਵਾਲੇ ਕਿਸੇ ਵਿਅਕਤੀ ਦਾ ਹੈ। ਹੁਣ ਦੇਖਣਾ ਇਹ ਹੈ ਕਿ ਪੁਲਸ ਲੰਮੇ ਸਮੇਂ ਤੋਂ ਬਾਅਦ ਮਿਲੇ ਇਸ ਮੋਬਾਇਲ ਦੇ ਆਧਾਰ 'ਤੇ ਕੀ ਬੂਟਾ ਖਾਂ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਸਫ਼ਲ ਹੁੰਦੀ ਹੈ ਜਾਂ ਨਹੀਂ?