ਮੁਨੀਸ਼ ਤਿਵਾੜੀ ਨੇ ਗਡਕਰੀ ਸਾਹਮਣੇ ਚੁੱਕਿਆ ਬੰਗਾ-ਨੈਣਾ ਦੇਵੀ ਸੜਕ ਦਾ ਮਾਮਲਾ

Saturday, Jul 27, 2019 - 10:48 AM (IST)

ਮੁਨੀਸ਼ ਤਿਵਾੜੀ ਨੇ ਗਡਕਰੀ ਸਾਹਮਣੇ ਚੁੱਕਿਆ ਬੰਗਾ-ਨੈਣਾ ਦੇਵੀ ਸੜਕ ਦਾ ਮਾਮਲਾ

ਜਲੰਧਰ/ਸ੍ਰੀ ਆਨੰਦਪੁਰ ਸਾਹਿਬ (ਧਵਨ)—ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਨੇ ਬੀਤੇ ਦਿਨ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨਾਲ ਦਿੱਲੀ 'ਚ ਮੁਲਾਕਾਤ ਕਰਕੇ ਉਨ੍ਹਾਂ ਦੇ ਸਾਹਮਣੇ ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਦਾ ਮਾਮਲਾ ਉਠਾਇਆ। ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾਹਾਲ ਚਲ ਰਹੀ ਹੈ। ਤਿਵਾੜੀ ਨੇ ਗਡਕਰੀ ਨੂੰ ਕਿਹਾ ਕਿ ਇਸ ਰੋਡ 'ਤੇ ਸੜਕ ਬਣਾਈ ਜਾਣੀ ਚਾਹੀਦੀ ਹੈ ਕਿਉਂਕਿ ਇਸ ਰਸਤੇ ਤੋਂ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਤਿਵਾੜੀ ਨੇ ਕੇਂਦਰੀ ਮੰਤਰੀ ਗਡਕਰੀ ਨੂੰ ਦੱਸਿਆ ਕਿ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਵੀ ਇਸੇ ਰਸਤੇ ਸਫਰ ਕਰਦੇ ਹਨ। ਸੜਕ ਬਣਨ ਨਾਲ ਸ਼ਰਧਾਲੂਆਂ ਨੂੰ ਭਾਰੀ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਵੀ ਤਿਵਾੜੀ ਨੇ 2 ਵਾਰ ਗਡਕਰੀ ਨੂੰ ਮਿਲ ਕੇ ਸੜਕ ਬਣਾਉਣ ਦੀ ਗੱਲ ਕਹੀ ਸੀ। ਗਡਕਰੀ ਨੇ ਤਿਵਾੜੀ ਨੂੰ ਦੱਸਿਆ ਕਿ ਇਹ ਮਾਮਲਾ ਕੇਂਦਰ ਸਰਕਾਰ ਨੇ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਕਾਰਵਾਈ ਲਈ ਭੇਜ ਦਿੱਤਾ ਹੈ। ਤਿਵਾੜੀ ਨੇ ਗਡਕਰੀ ਨੂੰ ਦੱਸਿਆ ਕਿ ਉਨ੍ਹਾਂ ਹੀ 25 ਫਰਵਰੀ ਨੂੰ ਇਸ ਸੜਕ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਸੀ, ਜਿਸ 'ਤੇ ਕੁੱਲ 581 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਪਰ ਲੋਕ ਸਭਾ ਚੋਣਾਂ ਕਾਰਣ ਆਦਰਸ਼ ਚੋਣ ਜ਼ਾਬਤਾ ਲੱਗਣ ਕਾਰਨ ਕੇਂਦਰ ਸਰਕਾਰ ਸੜਕ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਕਰਵਾ ਸਕੀ ਸੀ।

ਤਿਵਾੜੀ ਨੇ ਗਡਕਰੀ ਨੂੰ ਦੱਸਿਆ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਇਸ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਨੇ ਇਸ ਸੜਕੀ ਰਸਤੇ ਤੋਂ ਸਫਰ ਕਰਨਾ ਹੈ। ਇਸ ਨੂੰ ਦੇਖਦਿਆਂ ਅਗਲੇ ਕੁਝ ਮਹੀਨਿਆਂ 'ਚ ਸੜਕ ਬਣਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਅਹਿਮੀਅਤ ਸਿੱਖ ਧਰਮ 'ਚ ਕਾਫੀ ਜ਼ਿਆਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਹੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਗਡਕਰੀ ਨੇ ਭਰੋਸਾ ਦਿੱਤਾ ਕਿ ਉਹ ਖੁਦ ਇਸ 'ਤੇ ਨਜ਼ਰ ਰੱਖਣਗੇ ਅਤੇ ਸੜਕ ਬਣਾਉਣ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ।


author

shivani attri

Content Editor

Related News