ਨਗਰ ਕੌਂਸਲ ਚੋਣਾਂ ’ਚ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਵਲੋਂ ਸਰਗਰਮੀਆਂ ਤੇਜ਼

Sunday, Jan 03, 2021 - 01:24 PM (IST)

ਜਲਾਲਾਬਾਦ (ਸੇਤੀਆ): ਭਾਵੇਂ ਨਗਰ ਕੌਂਸਲ ਚੋਣਾਂ ਦਾ ਰਸਮੀ ਤੌਰ ’ਤੇ ਐਲਾਨ ਨਹੀਂ ਹੋਇਆ ਪਰ ਜਲਾਲਾਬਾਦ ਅੰਦਰ ਚੋਣਾਂ ਨੂੰ ਲੈ ਕੇ ਕਾਂਗਰਸ ਦੀਆਂ ਸਰਗਰਮੀਆਂ ਵੱਧ ਗਈਆਂ ਹਨ ਅਤੇ ਮੀਟਿੰਗਾਂ ਦਾ ਦੌਰ ਸਰਗਰਮੀ ਨਾਲ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਕੌਂਸਲਰ ਅਹੁਦੇ ਦੇ ਨਾਲ-ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਲਿਸਟ ਵੀ ਲੰਬੀ ਹੁੰਦੀ ਜਾ ਰਹੀ ਹੈ ਕਿਉਂਕਿ 2003 ਤੋਂ ਬਾਅਦ ਲਗਾਤਾਰ ਅਕਾਲੀ ਭਾਜਪਾ ਤੇ ਇਕ ਪਰਿਵਾਰ ਦਾ ਨਗਰ ਕੌਂਸਲ ਤੇ ਕਬਜ਼ਾ ਰਿਹਾ ਹੈ ਅਤੇ ਹੁਣ ਜਲਾਲਾਬਾਦ ਅੰਦਰ ਵਿਧਾਇਕ ਕਾਂਗਰਸ ਪਾਰਟੀ ਨਾਲ ਸਬੰਧਤ ਹੋਣ ਕਾਰਣ ਇੱਥੇ ਕਾਂਗਰਸੀਆਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਆਪਣਾ ਬੋਰਡ ਬਨਾਉਣ ਦੀ ਸੋਚ ਰਹੇ ਹਨ। 

ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ

ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਇਹ ਐਲਾਨ ਕੀਤਾ ਗਿਆ ਸੀ, ਕਿ ਪੰਜਾਬ ’ਚ ਨਗਰ ਕੌਂਸਲ ਦੀਆਂ ਚੋਣਾਂ 15 ਫਰਵਰੀ ਤੋਂ ਪਹਿਲਾਂ ਕਰਵਾ ਲਈਆਂ ਜਾਣਗੀਆਂ ਅਤੇ ਤਾਰੀਖ਼ਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਇਸ ਬਿਆਨ ਤੋਂ ਬਾਅਦ ਸੰਭਾਵਿਤ ਉਮੀਦਵਾਰਾਂ ’ਚ ਇਕਦਮ ਸਰਗਰਮੀ ਪੈਦਾ ਹੋ ਗਈ ਹੈ ਅਤੇ ਉਨ੍ਹਾਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਇਕ ਦਮ ਹੱਥ ਜੋੜਨ ਅਤੇ ਦੁਆ ਸਲਾਮ ਕਰਨ ਦਾ ਮਾਹੌਲ ਗਰਮਾ ਗਿਆ ਤੇ ਨਾਲ-ਨਾਲ ਮੀਟਿੰਗਾ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।ਭਾਵੇਂ ਉਮੀਦਵਾਰਾਂ ਵਲੋਂ ਚੋਣ ਲੜਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ, ਪਰ ਉਹ ਇਸ ਭੰਬਲਭੂਸੇ ’ਚ ਸਨ ਕੀ ਚੋਣਾਂ ਹੋਣਗੀਆਂ ਵੀ ਜਾਂ ਨਹੀ। ਹੁਣ ਕਿਉਂਕਿ ਮੁੱਖ ਮੰਤਰੀ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਚੋਣਾਂ 15 ਫਰਵਰੀ ਤੋਂ ਪਹਿਲਾਂ ਮੁਕੰਮਲ ਕਰਵਾਈਆਂ ਜਾਣਗੀਆਂ। ਜਲਾਲਾਬਾਦ ਦੀ ਸਥਿਤੀ ਤੇ ਨਜ਼ਰ ਦੌੜਾਈ ਜਾਵੇ ਤਾਂ ਪਹਿਲਾਂ ਅਕਾਲੀ-ਭਾਜਪਾ ਤੇ ਕਾਂਗਰਸ ਵਿਚਾਲੇ ਹੀ ਮੁਕਾਬਲਾ ਹੁੰਦਾ ਸੀ ਪਰ ਇਸ ਵਾਰ ਸਥਿਤੀ ਬਿਲਕੁੱਲ ਉਲਟ ਹੈ ਕਿਉਂਕਿ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਭਾਜਪਾ ਦੇ ਨਾਲ-ਨਾਲ ਆਪ ਪਾਰਟੀ ਵੀ ਆਪਣੇ ਉਮੀਦਵਾਰ ਖੜੇ੍ਹ ਕਰੇਗੀ ਅਤੇ ਕਾਂਗਰਸ ਲਈ ਸੰਕਟ ਦੀ ਸਥਿਤੀ ਇਹ ਹੋਵੇਗੀ ਜੋ ਉਕਤ ਪਾਰਟੀ ਨਾਲ ਸਬੰਧਤ ਸੰਭਾਵੀ ਉਮੀਦਵਾਰਾਂ ਦੀ ਲਿਸਟ ਲੰਬੀ ਹੈ ਉਨ੍ਹਾਂ ’ਚ 17 ਲੋਕਾਂ ਦੀ ਚੋਣ ਕਰਨੀ ਔਖੀ ਹੈ ਅਤੇ ਕਿਉਂਕਿ ਕਾਂਗਰਸ ਪਾਰਟੀ ਦੀ ਜਿਮਨੀ ਚੋਣ ਤੋਂ ਬਾਅਦ ਦਲ ਬਦਲੂਆਂ ਦਾ ਹੜ ਵੀ ਆ ਗਿਆ ਹੈ ਉਹ ਵੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। 

ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ

ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਕੋ ਪਰਿਵਾਰ ਵਲੋਂ ਹੀ ਅਕਾਲੀ-ਭਾਜਪਾ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਸੀ ਪਰ ਅਕਾਲੀ ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਵੀ ਉਕਤ ਪਰਿਵਾਰ ਦੀ ਸਾਂਝ ਭਾਜਪਾ ਨਾਲ ਬਰਕਰਾਰ ਹੈ ਅਤੇ ਕਿਉਂਕਿ ਉਸ ਪਰਿਵਾਰ ’ਚ ਇਕ ਜਿੱਥੇ ਅਕਾਲੀ ਸੂਬਾ ਮੀਤ ਪ੍ਰਧਾਨ ਪ੍ਰਧਾਨ ਤੇ ਦੂਜੇ ਪਰਿਵਾਰ ਦੇ ਮੈਂਬਰ ਭਾਜਪਾ ਸਪੈਸ਼ਲ ਇਨਵਾਈਟੀ ਮੈਂਬਰ ਹਨ।ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਪਰਿਵਾਰ ਅੰਦਰ ਖਾਤੇ ਆਪਸੀ ਸਾਂਝ ਨੂੰ ਬਰਕਰਾਰ ਰੱਖਣ ’ਚ ਕਾਮਯਾਬ ਹੁੰਦਾ ਹੈ ਜਾਂ ਫ਼ਿਰ ਅਕਾਲੀ ਦਲ ਤੇ ਭਾਜਪਾ ਨੂੰ ਵੱਖੋ-ਵੱਖ ਚੋਣ ਲੜਨੀ ਪਵੇਗੀ।

ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਕਾਂਗਰਸੀ ਪਾਰਟੀ ਦੀ ਗੱਲ ਕਰੀਏ ਤਾਂ ਜਿਮਨੀ ਚੋਣ ਜਿੱਤਣ ਤੋਂ ਬਾਅਦ ਵਿਧਾਇਕ ਰਮਿਦਰ ਆਵਲਾ ਨੇ ਸ਼ਹਿਰ ਵਾਸੀਆਂ ਦਾ ਦਿਲ ਜਿੱਤਿਆ ਹੈ ਅਤੇ ਆਪਣੀ ਭਾਈਚਾਰਕ ਸਾਂਝ ਵੀ ਬਣਾਈ ਹੈ। ਜਿਸ ਤੋਂ ਅਕਾਲੀ ਭਾਜਪਾ ਤੇ ਦੂਜੀਆਂ ਪਾਰਟੀਆਂ ਦੇ ਲੋਕ ਬੌਖਲਾਏ ਹੋਏ ਹਨ ਅਤੇ ਲੋਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੱਤਾਧਾਰੀ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਬੋਰਡ ਵਿਕਾਸ ਕਰਵਾ ਸਕਦਾ ਹੈ ਅਤੇ ਇਹੀ ਲਾਹਾ ਭਵਿੱਖ ’ਚ ਕਾਂਗਰਸੀਆਂ ਨੂੰ ਮਿਲੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲਮੁਕੁੰਦ ਸ਼ਰਮਾ ਦਾ ਜਨਮ ਦਿਨ ਮੌਕੇ ਦਿਹਾਂਤ


Shyna

Content Editor

Related News