ਨਗਰ ਨਿਗਮ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਅਗਲੇ ਸਾਲ ਤਕ ਵੀ ਲਟਕ ਸਕਦੀਆਂ ਹਨ ਚੋਣਾਂ

Friday, Jul 26, 2024 - 08:32 AM (IST)

ਜਲੰਧਰ (ਖੁਰਾਣਾ)– ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਲੱਗਭਗ ਢਾਈ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਇਹ ਸਰਕਾਰ ਅਜੇ ਤਕ ਸੂਬੇ ਦੀਆਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾ ਸਕੀ। ਜਲੰਧਰ ਨਗਰ ਨਿਗਮ ਦਾ ਕਾਰਜਕਾਲ ਪਿਛਲੇ ਸਾਲ 24 ਜਨਵਰੀ ਨੂੰ ਖ਼ਤਮ ਹੋ ਗਿਆ ਸੀ ਅਤੇ ਲਗਾਤਾਰ ਡੇਢ ਸਾਲ ਤੋਂ ਜਲੰਧਰ ਨਗਰ ਨਿਗਮ ਵਿਚ ਕੋਈ ਜਨ-ਪ੍ਰਤੀਨਿਧੀ ਨਹੀਂ ਹੈ ਅਤੇ ਇਥੇ ਅਫਸਰਾਂ ਦਾ ਰਾਜ ਹੈ। ਇਸਦੇ ਬਾਵਜੂਦ ਨਗਰ ਨਿਗਮ ਦੀਆਂ ਚੋਣਾਂ ਲਟਕਦੀਆਂ ਹੀ ਚਲੀਆਂ ਜਾ ਰਹੀਆਂ ਹਨ। ਨਿਗਮ ਦੀ ਵਾਰਡਬੰਦੀ ਨੂੰ ਹਾਈ ਕੋਰਟ ਵਿਚ ਚੈਲੇਂਜ ਕੀਤਾ ਜਾ ਚੁੱਕਾ ਹੈ ਅਤੇ ਅੱਜ ਇਸ ਸਬੰਧੀ ਪਟੀਸ਼ਨ ’ਤੇ ਸੁਣਵਾਈ ਹੋਈ।

ਇਹ ਖ਼ਬਰ ਵੀ ਪੜ੍ਹੋ - ਬਜਟ 'ਚ ਪੰਜਾਬ ਦੀ ਅਣਦੇਖੀ ਮਗਰੋਂ CM ਮਾਨ ਨੇ ਲੈ ਲਿਆ ਵੱਡਾ ਫ਼ੈਸਲਾ, MP ਕੰਗ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਸੁਣਵਾਈ ਦੀ ਅਗਲੀ ਤਰੀਕ ਠੀਕ 2 ਮਹੀਨੇ ਬਾਅਦ ਯਾਨੀ 26 ਸਤੰਬਰ ਨਿਰਧਾਰਿਤ ਕਰ ਦਿੱਤੀ ਹੈ। 2 ਮਹੀਨੇ ਦੀ ਡੇਟ ਪੈਣ ਨਾਲ ਨਿਗਮ ਚੋਣਾਂ ਲੜਨ ਦੇ ਇੱਛੁਕ ਆਗੂਆਂ ਦੇ ਚਿਹਰੇ ਲਟਕ ਗਏ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਹੁਣ ਸੂਬੇ ਵਿਚ ਨਗਰ ਨਿਗਮ ਚੋਣਾਂ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਹੀ ਹੋਣਗੀਆਂ ਅਤੇ ਹੁਣ ਨਿਗਮ ਚੋਣਾਂ ਦੀ ਸੰਭਾਵਨਾ ਨਵੰਬਰ-ਦਸੰਬਰ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਹੈ।

ਨਗਰ ਨਿਗਮ ਅਤੇ ਲੋਕਲ ਬਾਡੀਜ਼ ਵਿਭਾਗ ਨੇ ਜਵਾਬ ਫਾਈਲ ਕੀਤਾ

ਜਲੰਧਰ ਦੇ ਐਡਵੋਕੇਟ ਪਰਮਿੰਦਰ ਸਿੰਘ ਵਿਗ ਅਤੇ ਹੋਰਨਾਂ ਵੱਲੋਂ ਪਾਈ ਗਈ ਪਟੀਸ਼ਨ ’ਤੇ ਬੀਤੇ ਦਿਨੀਂ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ ਤਾਂ ਜਲੰਧਰ ਨਗਰ ਨਿਗਮ ਵੱਲੋਂ ਕਮਿਸ਼ਨਰ ਅਤੇ ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ ਵੱਲੋਂ ਪ੍ਰਿੰਸਪੀਲ ਸੈਕਟਰੀ ਨੇ ਮਾਣਯੋਗ ਉੱਚ ਅਦਾਲਤ ਵਿਚ ਜਵਾਬ ਫਾਈਲ ਕੀਤਾ। ਮੰਨਿਆ ਜਾ ਰਿਹਾ ਹੈ ਕਿ ਹੁਣ ਨਿਗਮ ਅਤੇ ਵਿਭਾਗ ਵੱਲੋਂ ਦਿੱਤੇ ਗਏ ਜਵਾਬ ਦੇ ਉੱਤਰ ਵਿਚ ਪਟੀਸ਼ਨਕਰਤਾਵਾਂ ਵੱਲੋਂ ਅਦਾਲਤ ਦੇ ਸਾਹਮਣੇ ਜਵਾਬ-ਦਾਅਵਾ ਦਾਇਰ ਕੀਤਾ ਜਾਵੇਗਾ ਅਤੇ ਇਹੀ ਸੰਭਾਵਨਾ ਬਣਦੀ ਦਿਸ ਰਹੀ ਹੈ ਕਿ 26 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਵੀ ਹੋ ਸਕਦੀ ਹੈ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਪਟੀਸ਼ਨ ਵਿਚ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਪਰ ਦੋਵਾਂ ਹੀ ਧਿਰਾਂ ਨੇ ਅਜੇ ਤਕ ਆਪਣੇ ਵੱਲੋਂ ਕੋਈ ਜਵਾਬ-ਦਾਅਵਾ ਦਾਇਰ ਨਹੀਂ ਕੀਤਾ।

ਪਹਿਲਾਂ ਪੰਚਾਇਤੀ ਚੋਣਾਂ ਕਰਵਾਉਣ ਬਾਰੇ ਸੋਚ ਰਹੀ ਪੰਜਾਬ ਸਰਕਾਰ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਰਿਹਾ ਹੈ ਪਰ ਇਸ ਦੌਰਾਨ ਨਾ ਤਾਂ ਪੰਜਾਬ ਵਿਚ ਪੰਚਾਇਤੀ ਚੋਣਾਂ, ਨਾ ਹੀ ਨਗਰ ਨਿਗਮ ਅਤੇ ਕੌਂਸਲਾਂ ਦੀਆਂ ਚੋਣਾਂ ਹੀ ਹੋਈਆਂ ਹਨ। ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਰਾ ਧਿਆਨ ਸੂਬੇ ਵਿਚ ਪੰਚਾਇਤੀ ਚੋਣਾਂ ਕਰਵਾਉਣ ਵੱਲ ਹੈ। ‘ਆਪ’ ਲੀਡਰਸ਼ਿਪ ਇਹ ਮੰਨ ਕੇ ਚੱਲ ਰਹੀ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਜਿਸ ਤਰ੍ਹਾਂ ਅਕਾਲੀ ਦਲ ਦਾ ਜਨਤਕ ਆਧਾਰ ਘਟਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਆਧਾਰ ਵੀ ਪਿੰਡਾਂ ਵਿਚ ਮੌਜੂਦ ਨਹੀਂ ਹੈ, ਇਸ ਲਈ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਹੀ ਹੋਵੇਗਾ, ਜਿਸ ਦੌਰਾਨ ‘ਆਪ’ ਦਾ ਪੱਲੜਾ ਭਾਰੀ ਰਹਿਣ ਦੀ ਉਮੀਦ ਵੀ ਪਾਰਟੀ ਲੀਡਰਸ਼ਿਪ ਵੱਲੋਂ ਪ੍ਰਗਟ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - 3 ਧੀਆਂ ਦੇ ਪਿਓ ਨੇ ਪਤਨੀ ਦੀ ਸਹੇਲੀ ਨਾਲ ਮਿਟਾਈ ਹਵਸ, ਫ਼ਿਰ ਵੀਡੀਓ ਬਣਾ ਕੇ...

ਫਿਲਹਾਲ ਪਾਰਟੀ ਲੀਡਰਸ਼ਿਪ ਨਿਗਮ ਚੋਣਾਂ ਤੋਂ ਪਹਿਲਾਂ ਸਰਵੇਖਣ ਆਦਿ ਕਰਵਾ ਕੇ ਆਪਣੀ ਜਿੱਤ ਯਕੀਨੀ ਕਰਨਾ ਚਾਹੁੰਦੀ ਹੈ, ਇਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨਿਗਮ ਚੋਣਾਂ ਦਾ ਰਿਸਕ ਲਵੇਗੀ। ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਸੱਤਾ ਧਿਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਤੋਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਸ਼ਹਿਰਾਂ ਵਿਚ ‘ਆਪ’ ਦਾ ਜਨਤਕ ਆਧਾਰ ਕਾਫੀ ਘਟਿਆ ਸੀ।

ਮਿਹਨਤ ਕਰ ਕੇ ਤੇ ਪੈਸੇ ਲਾ ਕੇ ਥੱਕ ਚੁੱਕੇ ਹਨ ਟਿਕਟਾਂ ਦੇ ਕਈ ਚਾਹਵਾਨ

ਜਦੋਂ ਲੱਗਭਗ ਢਾਈ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕੀਤਾ ਤਾਂ ਜਲੰਧਰ ਵਿਚ ‘ਆਪ’ ਲੀਡਰਸ਼ਿਪ ਕਾਫੀ ਐਕਟਿਵ ਦਿਸ ਰਹੀ ਸੀ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਵਿਚ ‘ਆਪ’ ਆਗੂ ਕਾਫੀ ਐਕਟਿਵ ਹੋ ਗਏ ਸਨ, ਜਿਨ੍ਹਾਂ ਨੇ ਨਿਗਮ ਚੋਣਾਂ ਲਈ ਟਿਕਟ ਮੰਗਣੀ ਆਰੰਭ ਕਰ ਦਿੱਤੀ ਸੀ। ਲੱਗਭਗ 2 ਸਾਲ ਪਹਿਲਾਂ ‘ਆਪ’ ਵੱਲੋਂ ਟਿਕਟਾਂ ਦੇ ਚਾਹਵਾਨ ਆਗੂਆਂ ਨੇ ਆਪਣੇ-ਆਪਣੇ ਵਾਰਡ ਹੋਰਡਿੰਗਾਂ ਅਤੇ ਬੈਨਰਾਂ ਨਾਲ ਭਰ ਦਿੱਤੇ ਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਵੀ ਸ਼ੁਰੂ ਕਰ ਦਿੱਤਾ ਸੀ। ਹੁਣ ਜਿਉਂ-ਜਿਉਂ ਨਿਗਮ ਚੋਣਾਂ ਲਟਕਦੀਆਂ ਚਲੀਆਂ ਜਾ ਰਹੀਆਂ ਹਨ, ਟਿਕਟਾਂ ਦੇ ਚਾਹਵਾਨ ‘ਆਪ’ ਆਗੂ ਨਾ ਸਿਰਫ ਥੱਕ ਚੁੱਕੇ ਹਨ, ਸਗੋਂ ਉਨ੍ਹਾਂ ਦੀ ਦਿਲਚਸਪੀ ਵੀ ਲਗਾਤਾਰ ਘੱਟ ਰਹੀ ਹੈ ਕਿਉਂਕਿ ਪਿਛਲੇ 2 ਸਾਲਾਂ ਦੌਰਾਨ ਉਨ੍ਹਾਂ ਨੂੰ ਆਪਣੀ ਜੇਬ ਵਿਚੋਂ ਪੈਸੇ ਖਰਚ ਕਰ ਕੇ ਲੋਕਾਂ ਦੇ ਵਿਚਕਾਰ ਆਉਣਾ-ਜਾਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਖ਼ੁਲ੍ਹਵਾਉਣ ਦੇ ਹੁਕਮਾਂ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ

ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਕੁਝ ਸਮਾਂ ਪਹਿਲਾਂ ਤਕ ਸੀਵਰੇਜ ਦੀਆਂ ਜੈਟਿੰਗ ਮਸ਼ੀਨਾਂ ਨਾਲ ਦਿਸਦੇ ਸਨ, ਉਹ ਹੁਣ ਵਾਰਡਾਂ ਵਿਚੋਂ ਗਾਇਬ ਹੋ ਗਏ ਹਨ। ਕਈ ਆਗੂਆਂ ਨੇ ਤਾਂ ਆਪਣੇ ਦਫ਼ਤਰ ਤਕ ਬੰਦ ਕਰ ਦਿੱਤੇ ਹਨ। ਟਿਕਟਾਂ ਦੇ ਕਈ ਚਾਹਵਾਨ ਅਜਿਹੇ ਹਨ, ਜਿਨ੍ਹਾਂ ਦੇ ਗਾਡਫਾਦਰ ਬਦਲ ਗਏ ਹਨ ਜਾਂ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News