ਜਲੰਧਰ ਨਗਰ ਨਿਗਮ ਸਟਾਫ ਦੀ ਹਰ ਦਿਨ ਦੀ ਤਨਖਾਹ ਇਕ ਕਰੋੜ ਰੁਪਏ

03/03/2019 12:12:11 PM

ਜਲੰਧਰ (ਖੁਰਾਣਾ)— ਅਗਲਾ ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ ਜਲੰਧਰ ਨਗਰ ਨਿਗਮ ਨੇ 2019-20 ਦਾ ਬਜਟ ਤਿਆਰ ਕਰ ਲਿਆ ਹੈ, ਜਿਸ ਨੂੰ 5 ਮਾਰਚ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ 'ਚ ਪਾਸ ਕਰ ਦਿੱਤਾ ਜਾਵੇਗਾ। ਤਜਵੀਜ਼ਜ ਬਜਟ ਦਾ ਇਕ ਖਾਸ ਪਹਿਲੂ ਨਿਗਮ ਦੇ ਸਟਾਫ ਦੀ ਤਨਖਾਹ ਵੀ ਹੈ, ਜਿਸ ਲਈ ਅਗਲੇ ਸਾਲ 'ਚ 213 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ। ਨਿਗਮ 'ਚ ਕੰਮ ਦੇ ਦਿਨਾਂ ਦੀ ਗੱਲ ਕਰੀਏ ਤਾਂ ਹਰ ਸ਼ਨੀਵਾਰ ਅਤੇ ਐਤਵਾਰ ਨਿਗਮ ਮੁਲਾਜ਼ਮਾਂ ਨੂੰ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਸਾਲ 'ਚ 25 ਦੇ ਕਰੀਬ ਗਜ਼ਟਿਡ ਹਾਲੀਡੇਜ਼ ਮਿਲਦੀਆਂ ਹਨ, 2 ਰਿਸਟ੍ਰਿਕਟਿਡ ਹਾਲੀਡੇਜ਼ ਅਤੇ 12 ਕੈਜ਼ੁਅਲ ਲੀਵ ਆਦਿ ਮਿਲਾ ਕੇ ਨਿਗਮ ਅਗਲੇ ਸਾਲ ਕੁਲ 220 ਦਿਨ ਖੁੱਲ੍ਹਾ ਰਹੇਗਾ। ਉਸ 'ਚੋਂ ਵੀ ਕੁਝ ਲੋਕਲ ਛੁੱਟੀਆਂ ਅਤੇ ਹੜਤਾਲਾਂ ਆਦਿ ਨੂੰ ਮਿਲਾ ਲਿਆ ਜਾਵੇ ਤਾਂ ਅਗਲੇ ਸਾਲ 213 ਦਿਨ ਹੀ ਕੰਮ ਹੋਵੇਗਾ, ਜਿਸ 'ਤੇ ਨਿਗਮ 213 ਕਰੋੜ ਰੁਪਏ ਭਾਵ ਹਰ ਰੋਜ਼ ਤਨਖਾਹ 'ਤੇ 1 ਕਰੋੜ ਰੁਪਏ ਖਰਚ ਕਰੇਗਾ।

ਤਨਖਾਹ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਖਰਚ ਹੈਲਥ ਅਤੇ ਵਰਕਸ਼ਾਪ ਸ਼ਾਖਾ 'ਤੇ ਹੁੰਦਾ ਹੈ, ਜਿਸ ਲਈ 90 ਕਰੋੜ ਰੁਪਏ ਰੱਖੇ ਗਏ ਹਨ। ਉਸ ਤੋਂ ਬਾਅਦ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦਾ ਨੰਬਰ ਆਉਂਦਾ ਹੈ, ਜਿਸ ਨੂੰ 36.50 ਕਰੋੜ ਦੀ ਤਨਖਾਹ ਦਿੱਤੀ ਜਾਣੀ ਹੈ। ਉਸ ਤੋਂ ਬਾਅਦ ਇੰਜੀਨੀਅਰਿੰਗ ਬ੍ਰਾਂਚ 'ਤੇ ਤਨਖਾਹ ਦਾ ਖਰਚ 12 ਕਰੋੜ ਰੁਪਏ ਲਗਾਇਆ ਗਿਆ ਹੈ। ਹਾਰਟੀਕਲਚਰ ਵਿਭਾਗ ਦਾ ਸਟਾਫ ਵੀ ਸਾਲ 'ਚ 6.50 ਕਰੋੜ ਰੁਪਏ ਤਨਖਾਹ ਲੈ ਜਾਵੇਗਾ। 31 ਮਾਰਚ 2019 ਨੂੰ ਖਤਮ ਹੋ ਰਹੇ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ 'ਚ ਨਿਗਮ ਆਪਣੇ ਸਟਾਫ ਦੀਆਂ ਤਨਖਾਹਾਂ 'ਤੇ 195 ਕਰੋੜ ਰੁਪਏ ਤੋਂ ਵੱਧ ਖਰਚ ਕਰ ਚੁੱਕਾ ਹੋਵੇਗਾ। ਸਾਲ 2017-18 'ਚ ਨਿਗਮ ਸਟਾਫ ਦੀ ਕੁਲ ਤਨਖਾਹ 170 ਕਰੋੜ ਰੁਪਏ ਸੀ।
ਨਿਗਮ ਨੇ ਇਸ ਸਾਲ 73 ਕਰੋੜ ਦੀ ਘੱਟ ਰਕਮ ਦਾ ਬਜਟ ਬਣਾਇਆ
5 ਮਾਰਚ ਨੂੰ ਨਗਰ ਨਿਗਮ ਦੇ ਕੌਂਸਲਰ ਹਾਊਸ 'ਚ ਪੇਸ਼ ਹੋਣ ਜਾ ਰਿਹਾ 2019-20 ਦਾ ਬਜਟ 514 ਕਰੋੜ ਰੁਪਏ ਆਮਦਨ ਦਾ ਤਿਆਰ ਕੀਤਾ ਗਿਆ ਹੈ, ਜਦੋਂਕਿ ਪਿਛਲੇ ਸਾਲ ਨਿਗਮ ਨੇ 587 ਕਰੋੜ ਦਾ ਬਜਟ ਪਾਸ ਕੀਤਾ ਸੀ। ਇਸ ਵਿੱਤੀ ਵਰ੍ਹੇ ਦੌਰਾਨ ਹੋਈ ਘੱਟ ਆਮਦਨ ਨੂੰ ਦੇਖਦੇ ਨਿਗਮ ਪ੍ਰਸ਼ਾਸਨ ਨੇ 73 ਕਰੋੜ ਦੀ ਘੱਟ ਰਕਮ ਦਾ ਬਜਟ ਬਣਾਇਆ ਹੈ। ਪਿਛਲੇ ਸਾਲ ਨਿਗਮ ਨੇ ਭਾਵੇਂ 587 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਸੀ ਪਰ ਸਰਕਾਰ ਨੇ 348 ਕਰੋੜ ਦਾ ਹੀ ਬਜਟ ਪਾਸ ਕੀਤਾ। ਫਿਰ ਵੀ ਨਿਗਮ ਨੂੰ 31 ਮਾਰਚ 2019 ਤੱਕ 372 ਕਰੋੜ ਰੁਪਏ ਆਮਦਨ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਅਗਲੇ ਵਿੱਤੀ ਵਰ੍ਹੇ 'ਚ ਆਮਦਨ ਦਾ ਬਜਟ 372 ਕਰੋੜ ਰੁਪਏ ਹੀ ਲਿਆ ਗਿਆ ਹੈ।

ਨਿਗਮ ਦੀਆਂ ਪ੍ਰਾਪਤੀਆਂ
ਜੀ. ਐੱਸ. ਟੀ. ਸ਼ੇਅਰ ਤੋਂ 225 ਕਰੋੜ
ਬਿਜਲੀ 'ਤੇ ਟੈਕਸ ਤੋਂ 12 ਕਰੋੜ
ਐਡੀਸ਼ਨਲ ਐਕਸਾਈਜ਼ ਡਿਊਟੀ ਤੋਂ 16.50 ਕਰੋੜ
ਹਾਊਸ ਟੈਕਸ ਬਕਾਇਆਂ ਤੋਂ 1.00 ਕਰੋੜ
ਪ੍ਰਾਪਰਟੀ ਟੈਕਸ ਤੋਂ 40 ਕਰੋੜ
ਬਿਲਡਿੰਗ ਐਪਲੀਕੇਸ਼ਨ ਫੀਸ ਤੋਂ 5 ਕਰੋੜ
ਚੇਂਜ ਆਫ ਲੈਂਡ ਯੂਜ਼ ਤੋਂ 8 ਕਰੋੜ
ਵਾਟਰ ਸਪਲਾਈ ਅਤੇ ਸੀਵਰ ਚਾਰਜ ਤੋਂ 35 ਕਰੋੜ
ਵੱਖ-ਵੱਖ ਸਰਕਾਰੀ ਗ੍ਰਾਂਟਾਂ ਤੋਂ 48 ਕਰੋੜ
ਫਾਈਨਾਂਸ ਕਮਿਸ਼ਨ ਤੋਂ 26 ਕਰੋੜ
ਏ. ਡੀ. ਬੀ. ਦੇ ਕਰਜ਼ੇ ਤੋਂ 50 ਕਰੋੜ
ਨਿਗਮ ਦੇ ਖਰਚੇ
ਸਟਾਫ ਦੀਆਂ ਤਨਖਾਹਾਂ 'ਤੇ  : 213 ਕਰੋੜ
ਅਚਾਨਕ ਖਰਚਿਆਂ 'ਤੇ : 26 ਕਰੋੜ
ਵਿਕਾਸ ਤੇ ਹੋਰ ਖਰਚਿਆਂ 'ਤੇ : 267 ਕਰੋੜ

ਤਹਿਬਾਜ਼ਾਰੀ ਅਤੇ ਇਸ਼ਤਿਹਾਰ ਸ਼ਾਖਾ ਦੇ ਬਜਟ ਕਈ ਗੁਣਾ ਵਧਾਏ
ਇਸ ਵਾਰ ਜੋ ਬਜਟ ਪੇਸ਼ ਹੋਣ ਜਾ ਰਿਹਾ ਹੈ ਕਿ ਉਸ 'ਚ ਤਹਿਬਾਜ਼ਾਰੀ ਅਤੇ ਇਸ਼ਿਤਹਾਰ ਸ਼ਾਖਾ ਦੇ ਟੀਚੇ ਕਈ ਗੁਣਾ ਵਧਾ ਦਿੱਤੇ ਗਏ ਹਨ। ਪਿਛਲੇ ਸਾਲ ਬਜਟ 'ਚ ਤਹਿਬਾਜ਼ਾਰੀ ਦਾ ਟੀਚਾ 2 ਕਰੋੜ ਰੁਪਏ ਰੱਖਿਆ ਗਿਆ, ਜਿਸ 'ਚੋਂ ਹੁਣ ਤੱਕ ਨਿਗਮ 1.75 ਕਰੋੜ ਰੁਪਏ ਵਸੂਲ ਚੁੱਕਾ ਹੈ। ਇਸ 'ਚੋਂ ਪਿਛਲੇ ਸਾਲ ਨਿਗਮ ਨੇ ਤਹਿਬਾਜ਼ਾਰੀ ਤੋਂ ਕੁੱਲ 94 ਲੱਖ ਰੁਪਏ ਵਸੂਲੇ ਸਨ। 2019-20 ਦੇ ਬਜਟ 'ਚ ਤਹਿਬਾਜ਼ਾਰੀ ਦਾ ਟੀਚਾ 10 ਕਰੋੜ ਰੁਪਏ ਰੱਖਿਆ ਗਿਆ ਹੈ, ਜਿਸ ਦੇ ਲਈ ਸਟ੍ਰੀਟ ਵੈਂਡਿੰਗ ਪਾਲਿਸੀ ਤੋਂ ਉਮੀਦ ਲਾਈ ਗਈ ਹੈ।
ਇਸ਼ਤਿਹਾਰ ਸ਼ਾਖਾ ਦੀ ਗੱਲ ਕਰੀਏ ਤਾਂ 2017-18 ਵਿਚ ਨਿਗਮ ਨੂੰ 1.41 ਕਰੋੜ ਰੁਪਏ ਪ੍ਰਾਪਤ ਹੋਏ ਅਤੇ ਨਿਗਮ ਨੇ 2018-19 ਦਾ ਟੀਚਾ 10 ਕਰੋੜ ਰੱਖਿਆ, ਜਿਸ 'ਚੋਂ 2 ਕਰੋੜ ਰੁਪਏ ਵੀ ਪੂਰਾ ਹੋਣ ਦੀ ਉਮੀਦ ਨਹੀਂ। ਹੁਣ ਅਗਲੇ ਸਾਲ ਲਈ 14.50 ਕਰੋੜ ਦਾ ਟੀਚਾ ਰੱਖਿਆ ਗਿਆ ਹੈ, ਜਿਸ ਦੇ ਲਈ ਇਸ਼ਤਿਹਾਰ ਪਾਲਿਸੀ ਦੇ ਟੈਂਡਰਾਂ 'ਤੇ ਉਮੀਦ ਲਾਈ ਗਈ ਹੈ। ਇਹ ਟੈਂਡਰ 3 ਵਾਰ ਲੱਗੇ ਪਰ ਕਿਸੇ ਠੇਕੇਦਾਰ ਨੇ ਨਹੀਂ ਭਰੇ। ਹੁਣ ਨਿਗਮ ਨੇ ਇਨ੍ਹਾਂ ਨੂੰ ਚੌਥੀ ਵਾਰ ਲਾਇਆ ਹੈ। ਇਸ ਤੋਂ ਇਲਾਵਾ ਨਿਗਮ ਨੂੰ ਇਸ ਸਾਲ 'ਚ ਹੈਲਥ ਫੀਸ ਅਤੇ ਚਲਾਨਾਂ ਤੋਂ ਸਿਰਫ 25 ਲੱਖ ਰੁਪਏ ਆਉਣ ਦੀ ਉਮੀਦ ਹੈ ਪਰ ਅਗਲੇ ਬਜਟ 'ਚ ਇਹ ਰਕਮ 7 ਕਰੋੜ ਰੁਪਏ ਰੱਖੀ ਗਈ ਹੈ। ਵਾਟਰ ਸਪਲਾਈ ਲਈ ਬਜਟ ਪਿਛਲੇ ਸਾਲ 40 ਕਰੋੜ ਰੁਪਏ ਰੱਖਿਆ ਗਿਆ ਸੀ ਪਰ ਆਏ ਸਿਰਫ 25 ਕਰੋੜ, ਇਸ ਲਈ ਹੁਣ ਨਿਗਮ ਨੇ ਅਗਲੇ ਸਾਲ ਲਈ 35 ਕਰੋੜ ਦਾ ਟੀਚਾ ਰੱਖਿਆ ਹੈ।


shivani attri

Content Editor

Related News