ਨਿਗਮ ਚੋਣਾਂ ਲਈ ਸਿਫ਼ਾਰਿਸ਼ ਨਹੀਂ ਸਗੋਂ ਸਰਵੇ ਦੇ ਆਧਾਰ ’ਤੇ ਟਿਕਟ ਦੇਵੇਗੀ ਆਮ ਆਦਮੀ ਪਾਰਟੀ
Thursday, Sep 22, 2022 - 05:33 PM (IST)
ਲੁਧਿਆਣਾ (ਹਿਤੇਸ਼)- ਪੰਜਾਬ ’ਚ ਰਿਕਾਰਡ ਤੋੜ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਕੁਨਬਾ ਦਿਨੋਂ-ਦਿਨ ਵੱਧ ਰਿਹਾ ਹੈ, ਉਥੇ ਹੀ ਹੁਣ ਨਿਗਮ ਚੋਣਾਂ ਲਈ ਵੀ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ’ਚ ਵਾਧਾ ਹੋਣ ਲੱਗਾ ਹੈ। ਕਰੀਬ ਸਾਰੇ ਵਾਰਡਾਂ ’ਚ ਇਨੀਂ ਦਿਨੀਂ ਕਈ ਅਜਿਹੇ ਬੋਰਡ ਜਾਂ ਫਲੈਕਸ ਲੱਗੇ ਹਨ, ਜਿਨ੍ਹਾਂ ’ਤੇ ਨਵੇਂ ਚਿਹਰੇ ‘ਆਪ’ ਸਰਕਾਰ ਵੱਲੋਂ 6 ਮਹੀਨਿਆਂ ’ਚ ਕੀਤੇ ਕੰਮਾਂ ਦਾ ਗੁਣਗਾਣ ਕਰ ਰਹੇ ਹਨ। ਅਜਿਹੇ ’ਚ ਹੁਣ ਪਾਰਟੀ ਦੇ ਅੱਗੇ ਸਵਾਲ ਹੈ ਕਿ ਕਿਹੜੇ ਵਾਰਡ ਤੋਂ ਕਿਹੜੇ ਉਮੀਦਵਾਰ ਨੂੰ ਉਤਾਰਿਆ ਜਾਵੇ ਤਾਂਕਿ ਨਿਗਮ ਚੋਣਾਂ ’ਚ ਵੀ ਵਿਧਾਨ ਸਭਾ ਵਰਗੇ ਨਤੀਜੇ ਆ ਸਕਣ। ਇਸ ਗੱਲ ’ਚ ਕੋਈ ਵੀ ਰਾਏ ਨਹੀਂ ਕਿ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ, ਜਿਨ੍ਹਾਂ ’ਚ ਕਈ ਵੱਡੇ ਚਿਹਰੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਕਈ ਸਰਕਾਰ ਬਣਨ ਤੋਂ ਬਾਅਦ ਪਾਰਟੀ ’ਚ ਸ਼ਾਮਲ ਹੋ ਰਹੇ ਹਨ।
ਨਿਗਮ ਚੋਣਾਂ ਨੂੰ ਲੈ ਕੇ ਹਾਲਾਤ ਇਹ ਹਨ ਕਿ ਕਈ ਵਾਰਡਾਂ ’ਚ ਤਾਂ ਕੁਝ ਵਿਧਾਇਕਾਂ ਨੇ ਵੀ ਆਪਣੇ ਪਸੰਦੀਦਾ ਚਿਹਰਿਆਂ ਨੂੰ ਪਾਰਟੀ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਾਰਣ ਦਾ ਭਰੋਸਾ ਦਿੱਤਾ ਹੈ ਜੋ ਹੁਣ ਸੰਭਾਵਿਤ ਉਮੀਦਵਾਰ ਦੇ ਤੌਰ ’ਤੇ ਵਰਕਿੰਗ ਸ਼ੁਰੂ ਕਰ ਚੁੱਕੇ ਹਨ। ਉਥੇ ਹੀ ਇਨ੍ਹਾਂ ਵਾਰਡਾਂ ’ਚ ਵੀ ਪਾਰਟੀ ਦੇ ਪੁਰਾਣੇ ਵਾਲੰਟੀਅਰ ਜਾਂ ਵਰਕਰ ਨਿਗਮ ਚੋਣਾਂ ਲਈ ਸੰਗਠਨ ਤੋਂ ਟਿਕਟ ਮੰਗ ਰਹੇ ਹਨ, ਜਿਸ ਨਾਲ ਪਾਰਟੀ ਦੇ ਅੱਗੇ ਵੀ ਖਿੱਚੋਤਾਣ ਵਾਲੀ ਸਥਿਤੀ ਪੈਦਾ ਹੋਣ ਲੱਗੀ ਹੈ। ਵਾਲੰਟੀਅਰਾਂ ਦਾ ਤਰਕ ਹੈ ਕਿ ਉਨ੍ਹਾਂ ਨੇ ਸਰਕਾਰ ਬਣਨ ਲਈ ਪਿਛਲੇ ਲੰਬੇ ਸਮੇਂ ਤੋਂ ਮੁਹੱਲਾ ਅਤੇ ਵਾਰਡ ਪੱਧਰ ’ਤੇ ਮਿਹਨਤ ਕੀਤੀ ਹੈ। ਅਜਿਹੇ ’ਚ ਚੋਣਾਂ ਤੋਂ ਪਹਿਲਾਂ ਪਾਰਟੀ ’ਚ ਸ਼ਾਮਲ ਹੋ ਕੇ ਵਿਧਾਇਕ ਬਣਨ ਵਾਲਿਆਂ ਦੇ ਕਰੀਬੀਆਂ ਨੂੰ ਟਿਕਟ ਦੇਣ ਦਾ ਕੋਈ ਮਤਲਬ ਨਹੀਂ ਬਣਦਾ।
ਇਹ ਵੀ ਪੜ੍ਹੋ: ਫਗਵਾੜਾ: ਨਿੱਜੀ ਯੂਨੀਵਰਸਿਟੀ ਖ਼ੁਦਕੁਸ਼ੀ ਮਾਮਲੇ 'ਚ ਪ੍ਰੋਫ਼ੈਸਰ ਖ਼ਿਲਾਫ਼ ਸਖ਼ਤ ਕਾਰਵਾਈ
ਪਾਰਟੀ ਦੇ ਅੰਦਰ ਉੱਠ ਰਹੀਆਂ ਕੁਝ ਆਵਾਜ਼ਾਂ ਦੇ ਚਲਦਿਆਂ ਹੁਣ ਪਾਰਟੀ ਨੇ ਨਿਗਮ ਚੋਣਾਂ ਲਈ ਵੀ ਵਾਰਡ ਪੱਧਰ ’ਤੇ ਸਰਵੇ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦੇ ਨਤੀਜਿਆਂ ਦੇ ਆਧਾਰ ’ਤੇ ਵੀ ਟਿਕਟ ਦੇਣ ਦੀ ਪ੍ਰਕਿਰਿਆ ਨੂੰ ਅਪਣਾਇਆ ਜਾ ਸਕਦਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਕੁਝ ਸਮਾਂ ਪਹਿਲਾਂ ਵੀ ਵਿਧਾਇਕਾਂ ਨੂੰ ਵੀ ਵਾਰਡ ਪੱਧਰ ’ਤੇ ਉਨ੍ਹਾਂ ਦੀ ਜਿੱਤ ਜਾਂ ਪਾਰਟੀ ਲਈ ਕੰਮ ਕਰਨ ਵਾਲੇ ਨੇਤਾਵਾਂ ਦੇ ਨਾਂ ਲਏ ਜਾ ਚੁੱਕੇ ਹਨ। ਉਥੇ ਹੀ ਪਾਰਟੀ ਆਪਣੇ ਪੁਰਾਣੇ ਵਾਲੰਟੀਅਰਾਂ ਦੀ ਵਰਕਿੰਗ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ।
ਨਿਗਮ ਚੋਣਾਂ ਦੀ ਰਣਨੀਤੀ ਤੈਅ ਕਰਨ ਲਈ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸਕੱਤਰ ਵਿਸ਼ਾਲ ਅਵਸਥੀ ਨੇ ਅੱਜ ਸਟੇਟ ਜਨਰਲ ਸੈਕਟਕੀ ਹਰੰਚਦ ਸਿੰਘ ਬਰਸਟ ਨਾਲ ਵੀ ਮੀਟਿੰਗ ਕੀਤੀ। ਅਸਵਥੀ ਨੇ ਦੱਸਿਆ ਕਿ ਨਿਗਮ ਚੋਣਾਂ ’ਚ ਟਿਕਟਾਂ ਦੇਣ ਤੋਂ ਪਹਿਲਾਂ ਵਾਰਡ ਪੱਧਰ ’ਤੇ ਸਰਵੇ ਕਰਵਾਇਆ ਗਿਆ। ਪਾਰਟੀ ਦੇ ਏਜੰਡੇ ਦੇ ਤਹਿਤ ਹੀ ਟਿਕਟ ਦੇਣ ਦੀ ਪ੍ਰਕਿਰਿਆ ਹੋਵੇਗੀ, ਜਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਸਿਫ਼ਾਰਿਸ਼ ਨਹੀਂ ਚੱਲੇਗੀ ਸਗੋਂ ਮਜ਼ਬੂਤ ਉਮਦੀਵਾਰ ਨੂੰ ਹੀ ਟਿਕਟ ਮਿਲੇਗੀ। ਪਾਰਟੀ ਦਾ ਮਕਸਦ ਸਾਰੇ ਨਗਰ ਨਿਗਮਾਂ ’ਚ ਆਪਣੇ ਮੇਅਰ ਬਣਾਉਣਾ, ਜਿਸ ਨੂੰ ਲੈ ਕੇ ਹਰ ਇਕ ਵਿਧਾਇਕ ਜਾਂ ਵਾਲੰਟੀਅਰ ਨੂੰ ਵੀ ਉਸੇ ਉਮੀਦਵਾਰ ਦੀ ਮਦਦ ਕਰਨੀ ਹੋਵੇਗੀ, ਜਿਸ ਨਾਲ ਪਾਰਟੀ ਚੋਣ ਮੈਦਾਨ ’ਚ ਉਤਾਰੇਗੀ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ