ਨਿਗਮ ਚੋਣਾਂ ''ਚ ਡਾ. ਸੰਜੀਵ ''ਤੇ ਭਾਰੀ ਰਹੇਗਾ ਨੀਲਕੰਠ ਦਾ ਕੁੰਡਾ

Friday, Aug 11, 2017 - 09:51 PM (IST)

ਨਿਗਮ ਚੋਣਾਂ ''ਚ ਡਾ. ਸੰਜੀਵ ''ਤੇ ਭਾਰੀ ਰਹੇਗਾ ਨੀਲਕੰਠ ਦਾ ਕੁੰਡਾ

ਜਲੰਧਰ (ਬੁਲੰਦ)- ਨਗਰ ਨਿਗਮ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਗਰਮਾ-ਗਰਮੀ ਵੀ ਵਧਦੀ ਜਾ ਰਹੀ ਹੈ। 
ਇਸ ਕਾਰਨ ਪਾਰਟੀ ਦੀ ਧੜੇਬਾਜ਼ੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਪਹਿਲਾਂ ਜ਼ਿਲਾ ਪ੍ਰਧਾਨਗੀ ਨੂੰ ਲੈ ਕੇ ਬੱਬੂ ਨੀਲਕੰਠ ਗੁੱਟ ਨੇ ਡਾ. ਸੰਜੀਵ ਭਾਟੀਆ ਸਣੇ ਦੋਆਬਾ ਲੀਡਰਸ਼ਿਪ ਨੂੰ ਪਟਕਣੀ ਦਿੰਦਿਆਂ ਜਿੱਤ ਹਾਸਲ ਕੀਤੀ ਤੇ ਨੀਲਕੰਠ ਵਿਰੋਧੀ ਗੁੱਟਾਂ ਨੂੰ ਮਾਤ ਦਿੰਦਿਆਂ ਜਲੰਧਰ ਸ਼ਹਿਰੀ ਦਾ ਅਹੁਦਾ ਹਾਸਲ ਕਰਨ ਵਿਚ ਕਾਮਯਾਬ ਰਹੇ। ਹੁਣ ਅਗਲੀ ਲੜਾਈ ਨਿਗਮ ਚੋਣਾਂ ਵਿਚ ਆਪਣੇ ਚਹੇਤੇ ਉਮੀਦਵਾਰਾਂ ਨੂੰ ਟਿਕਟਾਂ ਦਿਵਾਉਣ ਦੀ ਹੈ। 
ਇਸ ਜੰਗ ਵਿਚ ਸਿੱਧੇ ਤੌਰ 'ਤੇ ਜਲੰਧਰ ਸ਼ਹਿਰੀ ਹਲਕਿਆਂ ਵਿਚ ਨੀਲਕੰਠ ਤੇ ਵਾਲੀਆ ਦੀ ਜੋੜੀ ਆਪਣੇ ਪੈਰ ਜਮਾਉਂਦੀ ਦਿਸ ਰਹੀ ਹੈ। ਜਲੰਧਰ ਦੇ ਚਾਰਾਂ ਹਲਕਿਆਂ ਵਿਚ ਪਾਰਟੀ ਵਰਕਰਾਂ ਤੇ ਨੇਤਾਵਾਂ ਵਿਚ ਅਜਿਹੀ ਚਰਚਾ ਹੈ ਕਿ ਜਲੰਧਰ ਦੇ 75 ਵਾਰਡਾਂ ਵਿਚ ਜੇਕਰ ਟਿਕਟ ਵੰਡ ਹੋਵੇਗੀ ਤਾਂ ਇਸ ਵਿਚ ਨੀਲਕੰਠ ਤੇ ਵਾਲੀਆ ਦੀ ਸਹਿਮਤੀ ਨਾਲ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ, ਜਿਸ ਕਾਰਨ ਟਿਕਟਾਂ ਦੇ ਚਾਹਵਾਨ ਆਪਣੇ ਆਪਣੇ ਸ਼ਹਿਰੀ ਪ੍ਰਧਾਨ ਦੇ ਗੁੱਟ ਵੱਲ ਆਕਰਸ਼ਿਤ ਹੋ ਰਹੇ ਹਨ ਜਿਸ ਦਾ ਸਿੱਧਾ ਨੁਕਸਾਨ ਡਾ. ਸੰਜੀਵ ਕਾਲੜਾ ਗੁੱਟ ਦੇ ਨਾਲ ਨਾਲ ਦੋਆਬਾ ਲੀਡਰਸ਼ਿਪ ਦੇ ਉਨ੍ਹਾਂ ਆਗੂਆਂ ਨੂੰ ਵੀ ਹੋਣ ਲੱਗਾ ਹੈ ਜਿਨ੍ਹਾਂ ਨੇ ਨੀਲਕੰਠ ਦੀ ਪ੍ਰਧਾਨਗੀ ਦਾ ਵਿਰੋਧ ਕੀਤਾ ਸੀ। ਅਜਿਹੇ ਵਿਚ ਵਿਰੋਧੀ ਗੁੱਟ ਦੇ ਆਗੂਆਂ ਵਿਚ ਨਾਰਾਜ਼ਗੀ ਉਪਜਣ ਲੱਗੀ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਨਾਰਾਜ਼ ਆਗੂਆਂ ਦੀ ਨਾਰਾਜ਼ਗੀ ਦੇ ਜਵਾਲਾਮੁਖੀ ਦਾ ਲਾਵਾ ਕਿਸੇ ਵੇਲੇ ਵੀ ਫਟ ਕੇ ਸਾਹਮਣੇ ਆ ਸਕਦਾ ਹੈ। ਮਾਮਲੇ ਬਾਰੇ ਕੁਝ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਚੋਣਾਂ ਵਿਚ ਵੀ ਦਿੱਲੀ ਵਿਚ ਬੈਠੇ ਸੰਜੇ ਸਿੰਘ ਤੇ ਉਨ੍ਹਾਂ ਦੇ ਚਹੇਤਿਆਂ ਨੇ ਆਪਣੀ ਮਨਮਰਜ਼ੀ ਕੀਤੀ ਤਾਂ ਮਜਬੂਰ ਹੋ ਕੇ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨੀ ਪੈ ਸਕਦੀ ਹੈ। ਓਧਰ ਮਾਮਲੇ ਬਾਰੇ ਬੱਬੂ ਨੀਲਕੰਠ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਰੀ ਲੀਡਰਸ਼ਿਪ ਦਾ ਸਨਮਾਨ ਕਰਦੇ ਹਨ ਤੇ ਸਭ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਪ੍ਰਧਾਨਗੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਨਿਗਮ ਚੋਣਾਂ ਵਿਚ ਟਿਕਟਾਂ ਵੰਡਣ ਦਾ ਫੈਸਲਾ ਹਾਈਕਮਾਨ ਦੇ ਹੁਕਮਾਂ 'ਤੇ ਹੀ ਹੋਵੇਗਾ।
ਉਥੇ ਮਾਮਲੇ ਬਾਰੇ ਡਾ. ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਪਾਰਟੀ ਵਿਚ ਹੋਏ ਗਲਤ ਫੈਸਲੇ 'ਤੇ ਵਿਰੋਧ ਤੇ ਸੱਚਾਈ ਪਾਰਟੀ ਤੱਕ ਪਹੁੰਚਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੈਂਟਰਲ ਹਲਕੇ ਦੀਆਂ 21ਦੇ ਕਰੀਬ ਸੀਟਾਂ 'ਤੇ ਉਮੀਦਵਾਰਾਂ ਦੀ ਸੂਚੀ ਉਨ੍ਹਾਂ ਦੀ ਸਹਿਮਤੀ ਨਾਲ ਹੀ ਪਾਸ ਹੋਵੇਗੀ। 
ਉਨ੍ਹਾਂ ਕਿਹਾ ਕਿ ਟਿਕਟ ਵੰਡ ਲਈ ਸਕਰੀਨਿੰਗ ਕਮੇਟੀ ਬਣਾਈ ਜਾਵੇਗੀ ਜੋ ਹਲਕਾ ਇੰਚਾਰਜਾਂ ਦੀ ਸਹਿਮਤੀ ਦੇ ਨਾਲ ਹੀ ਉਮੀਦਵਾਰਾਂ ਦੀ ਲਿਸਟ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਾਹਰੀ ਵਿਅਕਤੀ ਨੇ ਉਨ੍ਹਾਂ ਦੇ ਹਲਕੇ ਵਿਚ ਕਿਸੇ ਗਲਤ ਉਮੀਦਵਾਰ ਨੂੰ ਜਬਰੀ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਾਂਗੇ ਤੇ ਹਾਈਕਮਾਨ ਨੂੰ ਸੱਚਾਈ ਤੋਂ ਜਾਣੂ ਕਰਵਾਵਾਂਗੇ। 


Related News