ਇਮਾਰਤੀ ਸ਼ਾਖਾ ਦੇ ਅਫਸਰਾਂ ਦਾ ਇਕ ਹੋਰ ਕਾਰਨਾਮਾ
Wednesday, Jul 11, 2018 - 04:55 AM (IST)
ਲੁਧਿਆਣਾ(ਹਿਤੇਸ਼)- ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ਵਲੋਂ ਵੈਸੇ ਤਾਂ ਨਕਸ਼ਾ ਪਾਸ ਕਰਵਾਉਣ ਆਏ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਜੇਕਰ ਸੈਟਿੰਗ ਜਾਂ ਸਿਫਾਰਸ਼ ਹੋਵੇ ਤਾਂ ਸਰਕਾਰ ਦੇ ਨਿਰਦੇਸ਼ਾਂ ਦੀ ਅਣਦੇਖੀ ਕਰਨ ਤੋਂ ਵੀ ਅਫਸਰਾਂ ਨੂੰ ਡਰ ਨਹੀਂ ਲਗਦਾ। ਇਸ ਨਾਲ ਜੁਡ਼ਿਆ ਮਾਮਲਾ ਜ਼ੋਨ-ਸੀ ਵਿਚ ਸਾਹਮਣੇ ਆਇਆ ਹੈ, ਜਿਥੇ ਸ਼ਿਕਾਇਤਾਂ ਦਾ ਨਿਪਟਾਰਾ ਕੀਤੇ ਬਿਨਾਂ ਫਲੈਟਾਂ ਦੀ ਉਸਾਰੀ ਲਈ ਨਕਸ਼ਾ ਪਾਸ ਕਰਨ ਦੀ ਖ਼ਬਰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਕੰਨਾਂ ਤੱਕ ਪੁੱਜੀ ਤਾਂ ਕਮਿਸ਼ਨਰ ਨੇ ਹਫਡ਼ਾ-ਦਫਡ਼ੀ ਵਿਚ ਜਾਂਚ ਲਈ ਕਮੇਟੀ ਬਣਾ ਦਿੱਤੀ ਅਤੇ ਕੰਮ ਬੰਦ ਕਰਨ ਲਈ ਮੌਕੇ ’ਤੇ ਪੁਲਸ ਤਾਇਨਾਤ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਕੇਸ ਵਿਚ ਨਗਰ ਨਿਗਮ ਵਲੋਂ ਕੁਲਦੀਪ ਖਹਿਰਾ ਨੂੰ ਆਰ. ਟੀ. ਆਈ. ਐਕਟ ਤਹਿਤ ਮੁਹੱਈਆ ਕਰਵਾਈ ਸੂਚਨਾ ਵਿਚ ਖੁਲਾਸਾ ਹੋਇਆ ਹੈ ਕਿ ਫਲੈਟਾਂ ਦੀ ਉਸਾਰੀ ਲਈ ਆਈਆਂ ਅਰਜ਼ੀਆਂ ਨੂੰ ਜ਼ੋਨ-ਸੀ ਦੀ ਇਮਾਰਤੀ ਸ਼ਾਖਾ ਵੱਲੋਂ ਕਾਫੀ ਦੇਰ ਤੱਕ ਦਬਾ ਕੇ ਰੱਖਿਆ ਗਿਆ ਜਦੋਂਕਿ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਮੌਕੇ ’ਤੇ ਉਸਾਰੀ ਸ਼ੁਰੂ ਹੋ ਗਈ ਜਿਸ ਬਾਰੇ ਸ਼ਿਕਾਇਤ ਮਿਲਣ ’ਤੇ ਨਗਰ ਨਿਗਮ ਅਫਸਰਾਂ ਨੇ ਚਾਲਾਨ ਜਾਰੀ ਕਰ ਕੇ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਵੀ ਕਰ ਦਿੱਤੀ।
ਹਾਲਾਂਕਿ ਬਾਅਦ ਵਿਚ ਕੁਝ ਦਿਨਾਂ ਦੇ ਅੰਦਰ ਹੀ ਨਗਰ ਨਿਗਮ ਕਮਿਸ਼ਨਰ ਦੇ ਪੱਧਰ ’ਤੇ ਸੀ. ਐੱਲ. ਯੂ. ਦੀ ਮਨਜ਼ੂਰੀ ਦੇ ਦਿੱਤੀ ਗਈ, ਜਿਸ ਕਾਰਨ ਨਗਰ ਨਿਗਮ ਦੇ ਰਿਕਾਰਡ ਦੇ ਆਧਾਰ ’ਤੇ ਜਗ੍ਹਾ ਦੀ ਮਾਲਕੀ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਗਈ ਅਤੇ ਸਿੰਚਾਈ ਵਿਭਾਗ ਦੇ ਨਾਲੇ ਦੀ ਜਗ੍ਹਾ ’ਤੇ ਫਲੈਟ ਬਣਨ ਦੇ ਬਾਵਜੂਦ ਐੱਨ. ਓ. ਸੀ. ਨਾ ਲੈਣ ਦਾ ਮੁੱਦਾ ਚੁੱਕਿਆ ਗਿਆ, ਜਿਸ ਨੂੰ ਆਧਾਰ ਬਣਾ ਕੇ ਸਰਕਾਰ ਨੇ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਕੇ ਨਕਸ਼ਾ ਪਾਸ ਕਰਨ ਦੇ ਹੁਕਮ ਦਿੱਤੇ। ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਨੇ ਸ਼ਿਕਾਇਤਾਂ ਨੂੰ ਸਹੀ ਢੰਗ ਨਾਲ ਡੀਲ ਕਰਨ ਦੀ ਜਗ੍ਹਾ ਨਕਸ਼ਾ ਪਾਸ ਕਰ ਦਿੱਤਾ ਹੈ, ਜਿਸ ਵਿਚ ਫਲੈਟਾਂ ਦੀ ਉਸਾਰੀ ਦੀ ਮਨਜ਼ੂਰੀ ਦੇਣ ਲਈ 60 ਫੁੱਟ ਰੋਡ ਦੀ ਸ਼ਰਤ ਪੂਰੀ ਨਾ ਹੋਣ ਦਾ ਅਹਿਮ ਪਹਿਲੂ ਸ਼ਾਮਲ ਹੈ। ਇਹ ਸੂਚਨਾ ਸਿੱਧੂ ਨੂੰ ਮਿਲੀ ਤਾਂ ਉਨ੍ਹਾਂ ਨੇ ਨਗਰ ਨਿਗਮ ਅਫਸਰਾਂ ਨੂੰ ਫਿਟਕਾਰ ਲਾਈ, ਜਿਸ ’ਤੇ ਕਮਿਸ਼ਨਰ ਨੇ ਕੇਸ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ ਅਤੇ ਉਸ ਦੀ ਰਿਪੋਰਟ ਤੱਕ ਉਸਾਰੀ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਬਾਕੀ ਕੇਸਾਂ ’ਚ ਕਿਉਂ ਨਹੀਂ ਦਿਖਾਈ ਜਾਂਦੀ ਇੰਨੀ ਫੁਰਤੀ
ਇਸ ਕੇਸ ਵਿਚ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਇਸ ਲਈ ਵੀ ਸਵਾਲ ਖਡ਼੍ਹੇ ਹੋ ਰਹੇ ਹਨ ਕਿ ਸਰਕਾਰ ਵਲੋਂ ਤਕਨੀਕੀ ਮਨਜ਼ੂਰੀ ਆਉਣ ਤੋਂ ਬਾਅਦ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਨਕਸ਼ਾ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੀ. ਐੱਲ. ਯੂ. ਨੂੰ ਮਨਜ਼ੂਰੀ ਦੇਣ ਵਿਚ ਵੀ ਅਜਿਹੀ ਤੇਜ਼ੀ ਦਿਖਾਈ ਗਈ ਸੀ। ਜਦੋਂਕਿ ਆਮ ਤੌਰ ’ਤੇ ਅਜਿਹੇ ਕੇਸਾਂ ਨੂੰ ਬਿਨਾ ਵਜ੍ਹਾ ਇਤਰਾਜ਼ ਲਾ ਕੇ ਕਈ ਮਹੀਨਿਆਂ ਤੱਕ ਬਕਾਇਆ ਰੱਖਿਆ ਜਾਂਦਾ ਹੈ।
ਏ.ਟੀ.ਪੀ. ’ਤੇ ਡਿੱਗ ਸਕਦੀ ਹੈ ਗਾਜ
ਇਸ ਕੇਸ ਵਿਚ ਜ਼ੋਨ-ਸੀ ਦੇ ਸਾਬਕਾ ਏ. ਟੀ. ਪੀ. ਵਲੋਂ ਆਪਣੇ ਲਾਏ ਇਤਰਾਜ਼ਾਂ ਦੇ ਉਲਟ ਜਾ ਕੇ ਸੀ. ਐੱਲ. ਯੂ. ਪਾਸ ਕਰਨ ਦੀ ਕਾਰਜਪ੍ਰਣਾਲੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਹੈ। ਹੁਣ ਇਸ ਏ. ਟੀ. ਪੀ. ਦੀ ਜ਼ੋਨ-ਬੀ ਵਿਚ ਬਦਲੀ ਹੋਣ ਦੇ ਬਾਵਜੂਦ ਨਕਸ਼ੇ ’ਤੇ ਸਾਈਨ ਕਰਨ ਦੀ ਸੂਚਨਾ ਹੈ, ਜਿਸ ਬਾਰੇ ਸੀ.ਵੀ.ਓ. ਸੈੱਲ ਵਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਏ. ਟੀ. ਪੀ. ’ਤੇ ਗਾਜ ਡਿੱਗਣ ਦੀ ਸੂਚਨਾ ਹੈ।
