ਨਗਰ ਨਿਗਮ ਨੇ ਸ਼ੋਅਰੂਮ ਨੂੰ ਕੀਤਾ ਸੀਲ

Monday, Jun 19, 2017 - 07:49 AM (IST)

ਪਟਿਆਲਾ  (ਰਾਜੇਸ਼) - ਨਗਰ ਨਿਗਮ ਵੱਲੋਂ ਐਤਵਾਰ ਨੂੰ ਸਵੇਰੇ 5 ਵਜੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਤੌਰ 'ਤੇ ਬਣ ਰਹੇ ਇਕ ਸ਼ੋਅਰੂਮ ਨੂੰ ਸੀਲ ਕਰ ਦਿੱਤਾ ਗਿਆ ਹੈ। ਨਿਗਮ ਵੱਲੋਂ ਪਹਿਲਾਂ ਵੀ ਉਕਤ ਸ਼ੋਅਰੂਮ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਸ਼ੋਅਰੂਮ ਮਾਲਕਾਂ ਨੂੰ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਇਸ ਦੇ ਬਾਵਜੂਦ ਵੀ ਨਿਰਮਾਣ ਕਾਰਜ ਜਾਰੀ ਰੱਖਿਆ ਗਿਆ ਸੀ। ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਇੰਸਪੈਕਟਰ ਸੁਖਮਨਮੀਤ ਕੌਰ ਅਤੇ ਇੰਸਪੈਕਟਰ ਦੀਪਕ ਦੀ ਅਗਵਾਈ ਹੇਠ ਟੀਮ ਮੌਕੇ 'ਤੇ ਗਈ ਤੇ ਉਨ੍ਹਾਂ ਨੇ ਪੁਲਸ ਦੀ ਮਦਦ ਨਾਲ ਸ਼ੋਅਰੂਮ ਸੀਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਉਕਤ ਸ਼ੋਅਰੂਮ ਬਿਨਾਂ ਨਕਸ਼ੇ ਦੇ ਬਣ ਰਿਹਾ ਸੀ। ਉਕਤ ਸ਼ੋਅਰੂਮ ਦੇ ਕੁੱਲ ਤਿੰਨ ਗੇਟ ਸਨ, ਦੋ ਗੇਟ ਪਹਿਲਾਂ ਹੀ ਨਗਰ ਨਿਗਮ ਸੀਲ ਕਰ ਚੁੱਕਿਆ ਸੀ ਪਰ ਇਸ ਤੀਸਰੇ ਗੇਟ ਨੂੰ ਸੀਲ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਸ਼ੋਅਰੂਮ ਦੇ ਮੁਲਾਜ਼ਮ ਸਾਰਾ ਦਿਨ ਅੰਦਰ ਬੈਠੇ ਰਹਿੰਦੇ ਸਨ ਤੇ ਜਦੋਂ ਉਨ੍ਹਾਂ ਨੂੰ ਬਾਹਰ ਆਉਣ ਲਈ ਆਖਿਆ ਜਾਂਦਾ ਤਾਂ ਉਹ ਬਾਹਰ ਨਹੀਂ ਆਉਂਦੇ ਸਨ। ਲਿਹਾਜ਼ਾ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਸਵੇਰੇ 5 ਵਜੇ ਛਾਪੇਮਾਰੀ ਕੀਤੀ ਅਤੇ ਪੁਲਸ ਦੀ ਮਦਦ ਨਾਲ ਸ਼ੋਅਰੂਮ ਦਾ ਤੀਸਰਾ ਗੇਟ ਵੀ ਸੀਲ ਕਰ ਦਿੱਤਾ। ਇੰਸਪੈਕਟਰ ਸੁਖਮਨਮੀਤ ਕੌਰ ਨੇ ਇਸ ਤੋਂ ਪਹਿਲਾਂ ਵੀ ਇਕ ਨਾਜਾਇਜ਼ ਬਿਲਡਿੰਗ ਦੀ ਕੰਧ ਨੂੰ ਖੁਦ ਆਪਣੇ ਹੱਥਾਂ ਨਾਲ ਸੁੱਟ ਦਿੱਤਾ ਸੀ, ਜਿਸ ਦੀ ਵੀਡੀਓ ਕਲਿਪ ਕਾਫੀ ਵਾਇਰਲ ਹੋਈ ਸੀ। ਇਕ ਲੜਕੀ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਇਸ ਤਰ੍ਹਾਂ ਨਾਜਾਇਜ਼ ਬਿਲਡਿੰਗਾਂ ਦੇ ਖਿਲਾਫ਼ ਐਕਸ਼ਨ ਲਏ ਜਾਣ ਕਾਰਨ ਨਗਰ ਨਿਗਮ ਵਿਚ ਉਕਤ ਮਹਿਲਾ ਇੰਸਪੈਕਟਰ ਦੀ ਕਾਫੀ ਸ਼ਲਾਘਾ ਹੋ ਰਹੀ ਹੈ।


Related News