ਵਾਇਰਲ ਵੀਡੀਓ ’ਤੇ ਰਾਜਾ ਵੜਿੰਗ ਨੇ ਦਿੱਤੀ ਸਫਾਈ
Monday, Dec 23, 2019 - 10:23 AM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਵਿਖੇ ਲਿਫਟ ਪੰਪਾਂ ਸਬੰਧੀ ਕਿਸਾਨਾਂ ਵਲੋਂ ਧਰਨਾ ਲਾਇਆ ਗਿਆ ਸੀ, ਜਿਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ’ਤੇ ਪੁੱਜੇ। ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਆਪਣੇ ਬਿਆਨ ਦੀ ਵਾਇਰਲ ਹੋਈ ਵੀਡੀਓ ਸਬੰਧੀ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿਭਾਗ ਦੇ ਕੁਝ ਅਫਸਰ ਮੰਤਰੀਆਂ ਨੂੰ ਗਲਤ ਗਾਈਡ ਕਰ ਰਹੇ ਹਨ, ਜੋ ਛਿੱਤਰ ਵੀ ਖਾਏਗਾ ਤੇ ਗੰਡੇ ਵੀ ਖਾਏਗਾ। ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਅਫਸਰਸ਼ਾਹੀ ਸਰਕਾਰ ਤੋਂ ਪਾਸੇ ਹੈ। ਇਸ ’ਚ ਸਾਰੇ ਅਫਸਰ ਨਹੀਂ ਆਉਂਦੇ, ਸਗੋਂ ਕੋਈ-ਕੋਈ ਅਫਸਰ ਆਉਂਦੇ ਹਨ। ਵਿਭਾਗ ਦੇ ਕੁਝ ਅਫਸਰ ਵਲੋਂ ਮੰਤਰੀ ਨੂੰ ਗਲਤ ਗਾਈਡ ਕੀਤਾ ਗਿਆ ਸੀ, ਜੋ ਉਨ੍ਹਾਂ ਨੂੰ ਨਹੀਂ ਸੀ ਕਰਨਾ ਚਾਹੀਦਾ।
ਕਈ ਵਾਰ ਅਸੀਂ ਅਜਿਹਾ ਕੰਮ ਕਰ ਲੈਂਦੇ ਹਾਂ, ਜਿਸ ਦੇ ਲਈ ਸਾਨੂੰ ਛਿੱਤਰ ਵੀ ਖਾਣੇ ਪੈਂਦੇ ਹਨ ਅਤੇ ਗੰਡੇ ਵੀ ਖਾਣੇ ਪੈਂਦੇ ਹਨ। ਇਹ ਗੱਲ ਮੈਂ ਕਿਸੇ ਇਕ ਵਿਅਕਤੀ ਨੂੰ ਨਹੀਂ ਕਹੀ। ਇਸ ਗੱਲ ਦਾ ਮੇਰਾ ਇਹ ਤੱਥ ਹੈ ਕਿ ਕਈ ਵਾਰ ਅਸੀਂ ਅਜਿਹਾ ਫੈਸਲਾ ਲੈ ਲੈਂਦੇ ਹਾਂ, ਜੋ ਲਾਗੂ ਵੀ ਨਹੀਂ ਹੁੰਦਾ ਅਤੇ ਲੋਕ ਕਹਿੰਦੇ ਹਨ ਅਸੀਂ ਇਸ ਨੂੰ ਧੱਕੇ ਨਾਲ ਲਾਗੂ ਕਰਵਾ ਲਿਆ। ਅਜਿਹੇ ਸਾਰੇ ਫੈਸਲੇ ਲੋਕਾਂ ਅਤੇ ਕਿਸਾਨਾਂ ਨਾਲ ਜੁੜੇ ਹੁੰਦੇ ਹਨ, ਜਿਸ ਨਾਲ ਸਾਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ। ਪੱਤਰਕਾਰ ਵਲੋਂ ਨਵਜੋਤ ਸਿੱਧੂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਆਪਣੀ ਜਿੰਦਗੀ ’ਚ ਕਦੇ ਕਿਸੇ ਨਾਲ ਕੋਈ ਆਬਜੈਕਸ਼ਨ ਨਹੀਂ ਹੋਈ। ਹਰ ਵਿਅਕਤੀ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ। ਜਾਖੜ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਾਖੜ ਨੇ ਕਿਹਾ ਕਿ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਪੂਰਾ ਕੀਤਾ ਜਾਵੇਗਾ।
ਦੱਸ ਦੇਈਏ ਕਿ ਰਾਜਾ ਵੜਿੰਗ ਦੇ ਬਿਆਨ ਦੀ ਵਾਇਰਲ ਹੋ ਰਹੀ ਵੀਡੀਓ ’ਚ ਉਨ੍ਹਾਂ ਨੇ ਇਸ ਮਾਮਲੇ ਦੇ ਸਬੰਧੀ ਅਫਸਰਾਂ ਨੂੰ ਕਸੂਰਵਾਰ ਦੱਸਿਆ ਸੀ ਅਤੇ ਉਦਾਹਰਣ ਦਿੰਦਿਆ ਕਿਹਾ ਸੀ ਕਿ ਛਿੱਤਰ ਵੀ ਖਾਏਗਾ ਅਤੇ ਗੰਡੇ ਵੀ ਖਾਏਗਾ।