ਸ਼ੌਕ ਦਾ ਕੋਈ ਮੁੱਲ ਨਹੀਂ, ਯਾਦ ਨੂੰ ਤਾਜ਼ਾ ਰੱਖਣ ਲਈ ਬਣਾਈ ਮੀਨਾਕਾਰੀ ਵਾਲੀ ਸ਼ਾਨਦਾਰ ਹਵੇਲੀ
Sunday, Jan 19, 2020 - 02:39 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ,ਪਵਨ)- ਭਾਵੇਂ ਅੱਜ ਕੱਲ ਦੇ ਲੋਕ ਬਾਹਰਲੇ ਦੇਸ਼ਾਂ ’ਚੋਂ ਨਕਸ਼ੇ ਮੰਗਵਾ ਘਰ ਬਣਾ ਰਹੇ ਹਨ ਪਰ ਕੁਝ ਵਿਰਲੇ ਟਾਵੇਂ ਉਹ ਲੋਕ ਵੀ ਹਨ, ਜੋ ਪੁਰਾਣੇ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲੀ ਬੈਠੇ ਹਨ। ਉਕਤ ਲੋਕ ਬੜੇ ਸ਼ੌਕ ਨਾਲ ਪੁਰਾਤਨ ਚੀਜ਼ਾਂ ਨੂੰ ਤਰਜੀਹ ਦੇ ਰਹੇ ਹਨ, ਜਿਸ ਲਈ ਹੌਸਲਾ, ਦਲੇਰੀ ਅਤੇ ਮਿਹਨਤ ਦੀ ਲੋੜ ਹੈ। ਕੁਝ ਵੱਖਰਾ ਕਰਨ ਦੀ ਤਮੰਨਾ ਰੱਖਣ ਵਾਲੇ ਹਿੰਮਤੀ ਲੋਕ ਹੀ ਸੱਭਿਆਚਾਰ ਨੂੰ ਜਿਊਂਦਾ ਰੱਖ ਰਹੇ ਹਨ। ਅਜਿਹੀ ਮਿਸਾਲ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ ਬਾਈਪਾਸ ਨੇੜੇ ਖੇਤੀਬਾੜੀ ਦਫਤਰ ਪ੍ਰੀਤ ਨਗਰ ਗਲੀ ਨੰਬਰ-2 ’ਚ ਤਿਆਰ ਹੋ ਚੁੱਕੀ ਹਵੇਲੀ ਤੋਂ ਮਿਲਦੀ ਹੈ । ਇਹ ਹਵੇਲੀ ਪੁਰਾਣੇ ਜ਼ਮਾਨੇ ਦੀ ਯਾਦ ਤਾਜ਼ਾ ਰੱਖਣ ਲਈ ਵਿਸ਼ੇਸ਼ ਮੀਨਾਕਾਰੀ ਕਰ ਤੇ ਬੇਹੱਦ ਮਿਹਨਤ ਨਾਲ ਬਣਾਈ ਗਈ ਹੈ। ਇਕ-ਇਕ ਚੀਜ਼ ਪੂਰੇ ਸ਼ਾਨੋ-ਸ਼ੌਕਤ ਨਾਲ ਬਣੀ ਹੈ। ਹੇਠਾਂ ਬੇਸਮੈਂਟ ’ਤੇ 3 ਮੰਜ਼ਿਲਾ ਮਕਾਨ। ਹੇਠਾਂ ਤੋਂ ਉਪਰ ਤੱਕ ਕਿਲਾ-ਨੁਮਾ ਮਕਾਨ ਬਣਾਇਆ ਗਿਆ ਹੈ। ਇਕ-ਇਕ ਇੱਟ ਨੂੰ ਰਗੜਿਆ ਗਿਆ ਹੈ।
ਸ਼ੁਰੂ ’ਚ ਲੱਗਾ ਵੱਡੇ ਅਕਾਰ ਵਾਲਾ ਦਰਵਾਜ਼ਾ, ਜੋ 25 ਫੁੱਟ ਉੱਚਾ, 22 ਫੁੱਟ ਚੌੜਾ ਅਤੇ ਲੰਮਾ ਹੈ, ਦੀ ਦਿੱਖ ਸਭ ਤੋਂ ਵਿਲੱਖਣ ਤੇ ਦੇਖਣਯੋਗ ਹੈ। ਇਸ ਦਰਵਾਜ਼ੇ ਨੂੰ ਲਾਇਆ ਗਿਆ ਲੱਕੜ ਦਾ ਗੇਟ ਦਰਵਾਜ਼ੇ ਨੂੰ ਚਾਰ ਚੰਨ ਲਾਉਂਦਾ ਹੈ। ਵੱਖ-ਵੱਖ ਥਾਵਾਂ ਤੋਂ ਸਾਮਾਨ ਇਕੱਠਾ ਕਰ ਇਸ ਦਰਵਾਜ਼ੇ ਦੇ ਗੇਟ ਨੂੰ ਤਿਆਰ ਕੀਤਾ ਗਿਆ ਹੈ। ਹਵੇਲੀ ਦੇ ਅੰਦਰ ਸੱਜੇ ਹੱਥ ਇਕ ਪਾਸੇ ਚੁੱਲ੍ਹਾ-ਚੌਂਕਾ ਬਣਾਇਆ ਗਿਆ ਹੈ। ਕਮਾਲ ਦੀ ਮੀਨਾਕਾਰੀ ਵਾਲੀ ਗਧੋਲੀ ਅਤੇ ਹਾਰੇ ਹਨ। ਜੋ ਪੁਰਾਣੇ ਜ਼ਮਾਨੇ ਦੀ ਯਾਦ ਤਾਜ਼ਾ ਕਰਦੇ ਹਨ। ਹਵੇਲੀ ਅੰਦਰ ਸਾਰੀ ਲੱਕੜ ਬੂਹੇ ਬਾਰੀਆਂ ਲਈ ਸਾਗਵਾਨ ਹੀ ਲਾਈ ਗਈ ਹੈ। ਅਰਲਾ, ਹੈਂਡਲ, ਕੁੰਡੇ, ਕਬਜ਼ੇ ਅਤੇ ਜਿੰਦਰੇ ਆਦਿ ਵੀ ਵੱਖਰੀ ਕਿਸਮ ਦੇ ਹਨ। ਹਵੇਲੀ ਬਣਾਉਣ ਮੌਕੇ ਇਸ ਗੱਲ ਦੀ ਸਭ ਤੋਂ ਵੱਧ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਸਾਮਾਨ ਸੱਭਿਆਚਾਰ ਨਾਲ ਮੇਲ ਖਾਣ ਵਾਲਾ ਹੀ ਹੋਵੇ।
ਕੀ ਕਹਿਣਾ ਹੈ ਹਵੇਲੀ ਦੇ ਮਾਲਕਾਂ ਦਾ?
ਉਕਤ ਹਵੇਲੀ ਦੀ ਮਾਲਕਣ ਹਰਗੋਬਿੰਦ ਕੌਰ ਅਤੇ ਕੈਨੇਡਾ ਰਹਿ ਰਹੇ ਉਸ ਦੇ ਪੁੱਤਰ ਦਰਪਿੰਦਰ ਸਿੰਘ ਸਰਾਂ ਦਾ ਕਹਿਣਾ ਹੈ ਕਿ ਇਸ ਹਵੇਲੀ ਨੂੰ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਸੀ, ਜੋ ਸੱਚ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਡਾ ਸੱਭਿਆਚਾਰ ਅਤੇ ਵਿਰਸਾ ਭੁੱਲਣਾ ਨਹੀ ਚਾਹੀਦਾ। ਸਗੋਂ ਆਉਣ ਵਾਲੀਆਂ ਨਵੀਆਂ ਪੀੜੀਆਂ ਨੂੰ ਇਹ ਸਭ ਕੁਝ ਦਿਖਾਉਣ ਲਈ ਯੋਗ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਕੰਮ : ਮਿਸਤਰੀ ਬਲਦੇਵ ਸਿੰਘ
ਇਸ ਹਵੇਲੀ ਨੂੰ ਬਣਾਉਣ ਵਾਲੇ ਮਿਸਤਰੀ ਬਲਦੇਵ ਸਿੰਘ ਭਾਗਸਰ ਨੇ ਦੱਸਿਆ ਕਿ ਸਾਲ 2015 ਵਿਚ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਨੇ ਆਪਣੀ ਪੂਰੀ ਕਲਾ ਅਤੇ ਹੁਨਰ ਨੂੰ ਪੇਸ਼ ਕੀਤਾ ਹੈ। ਇਸ ’ਤੇ ਮਿਹਨਤ ਬਹੁਤ ਹੋਈ ਹੈ। ਪਰ ਹੁਣ ਮਨ ਖੁਸ਼ ਹੈ। ਕਿਉਂਕਿ ਲੋਕ ਬਹੁਤ ਸਿਫਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਬਹੁਤ ਸਾਰੇ ਲੋਕ ਉਸ ਨੂੰ ਅਜਿਹਾ ਦਰਵਾਜ਼ਾ ਅਤੇ ਮਕਾਨ ਬਣਾਉਣ ਲਈ ਕਹਿੰਦੇ ਹਨ।