ਸੂਬੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਲੋਂ ਭਲਕੇ ਤੋਂ ਘਰ-ਘਰ ਪਹੁੰਚਾਇਆ ਜਾਵੇਗਾ ਰਾਸ਼ਨ
Monday, Mar 30, 2020 - 04:55 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਪਵਨ) - ਕੋਰੋਨਾ ਨੂੰ ਕੰਟਰੋਲ ਕਰਨ ਲਈ ਪੰਜਾਬ ਵਿਚ ਲਾਏ ਗਏ ਕਰਫਿਊ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਸੂਬੇ ਭਰ ਦੇ 22 ਜ਼ਿਲਿਆਂ ਅੰਦਰ ਚੱਲ ਰਹੇ 27 ਹਜ਼ਾਰ 314 ਆਂਗਣਵਾੜੀ ਸੈਂਟਰਾਂ ਵਲੋਂ ਲਾਭਪਾਤਰੀਆਂ ਨੂੰ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾਵੇਗਾ। ਸਰਕਾਰ ਵਲੋਂ ਇਹ ਕਦਮ ਇਸ ਕਰ ਕੇ ਚੁੱਕੇ ਗਏ ਹਨ ਕਿ ਆਈ. ਸੀ. ਡੀ. ਐੱਸ. ਸਕੀਮ ਅਧੀਨ ਲਾਭਪਾਤਰੀਆਂ ਨੂੰ ਲਾਭ ਮਿਲਦਾ ਰਹੇ। ਜ਼ਿਕਰਯੋਗ ਹੈ ਕਿ ਸੂਬੇ ਭਰ ਵਿਚ ਆਂਗਣਵਾੜੀ ਸੈਂਟਰਾਂ ਰਾਹੀਂ ਲਗਭਗ 10 ਲੱਖ ਦੇ ਕਰੀਬ ਬੱਚਿਆਂ ਅਤੇ ਮਾਵਾਂ ਨੂੰ ਰਾਸ਼ਨ ਮਿਲ ਰਿਹਾ ਹੈ। ਸਰਕਾਰ ਦਾ ਹੁਣ ਫੈਸਲਾ ਹੈ ਕਿ ਵਰਕਰਾਂ ਅਤੇ ਹੈਲਪਰਾਂ ਘਰ-ਘਰ ਜਾ ਕੇ ਬੱਚਿਆਂ ਅਤੇ ਮਾਵਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਗੀਆਂ। ਮਿਲੀ ਜਾਣਕਾਰੀ ਅਨੁਸਾਰ ਲਗਭਗ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਇਸ ਕੰਮ ਵਿਚ ਜੁਟਣਗੀਆਂ। ਵਿਭਾਗੀ ਸੂਤਰਾਂ ਅਨੁਸਾਰ ਲਾਭਪਾਤਰੀਆਂ ਨੂੰ ਦੋ ਹਫ਼ਤਿਆਂ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ।
ਕਿਹੜੇ ਜ਼ਿਲੇ ਵਿਚ ਕਿੰਨੇ ਹਨ ਆਂਗਣਵਾੜੀ ਸੈਂਟਰ
ਸ੍ਰੀ ਮੁਕਤਸਰ ਸਾਹਿਬ-894
ਫਰੀਦਕੋਟ- 545
ਫਾਜ਼ਿਲਕਾ-1068
ਬਠਿੰਡਾ- 1392
ਅੰਮ੍ਰਿਤਸਰ- 1859
ਬਰਨਾਲਾ- 669
ਫਤਿਹਗੜ੍ਹ ਸਾਹਿਬ- 699
ਫਿਰੋਜ਼ਪੁਰ- 1261
ਗੁਰਦਾਸਪੁਰ- 2054
ਹੁਸ਼ਿਆਰਪੁਰ- 1926
ਜਲੰਧਰ- 1654
ਕਪੂਰਥਲਾ- 911
ਲੁਧਿਆਣਾ- 2487
ਮਾਨਸਾ- 840
ਮੋਗਾ- 983
ਪਠਾਨਕੋਟ- 831
ਪਟਿਆਲਾ- 1829
ਰੋਪੜ- 872
ਮੋਹਾਲੀ- 650
ਸੰਗਰੂਰ- 1963
ਨਵਾਂਸ਼ਹਿਰ- 795
ਤਰਨਤਾਰਨ- 1132
ਸਰਕਾਰ ਵਰਕਰਾਂ ਤੇ ਹੈਲਪਰਾਂ ਦੀ ਸੁਰੱਖਿਆ ਦਾ ਕਰੇ ਖਿਆਲ : ਹਰਗੋਬਿੰਦ ਕੌਰ
ਆਂਗਣਵਾੜੀ ਇੰਪਲਾਈਜ਼ ਫੈੱਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਵਰਕਰਾਂ ਤੇ ਹੈਲਪਰਾਂ ਦੀ ਸੁਰੱਖਿਆ ਦਾ ਖਿਆਲ ਕਰੇ। ਉਨ੍ਹਾਂ ਨੂੰ ਮਾਸਕ, ਸੈਨੇਟਾਈਜ਼ਰ, ਦਸਤਾਨੇ ਆਦਿ ਸਾਮਾਨ ਮੁਹੱਈਆ ਕਰਵਾਇਆ ਜਾਵੇ ਅਤੇ ਆਸ਼ਾ ਵਰਕਰਾਂ ਵਾਂਗ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ।