ਨਵਜੋਤ ਸਿੱਧੂ ਮੁੜ ਕਿਸਾਨਾਂ ਦੇ ਹੱਕ ''ਚ ਗਰਜੇ, MSP ਨੂੰ ਲੈ ਕੇ ਕਹੀ ਵੱਡੀ ਗੱਲ
Friday, May 28, 2021 - 09:41 AM (IST)
ਚੰਡੀਗੜ੍ਹ (ਬਿਊਰੋ) - ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦਾ ਇਕ ਅਜਿਹਾ ਚਿਹਰਾ ਹੈ, ਜੋ ਹਰ ਸਮੇਂ ਸੁਰਖੀਆਂ ਦਾ ਕਾਰਨ ਬਣਦਾ ਹੈ, ਉਸ ਦੀ ਵਜ਼੍ਹਾ ਚਾਹੇ ਕੋਈ ਵੀ ਹੋਵੇ। ਜੇਕਰ ਸਿੱਧੂ ਸਿਆਸਤ ’ਚੋਂ ਗ਼ਾਇਬ ਹੋ ਜਾਂਦੇ ਹਨ ਤਾਂ ਫਿਰ ਵੀ ਇਹ ਚਰਚਾ ਦਾ ਵਿਸ਼ਾ ਬਣਦੇ ਹਨ। ਪਿਛਲੇ ਕਈ ਦਿਨਾਂ ਤੋਂ ਸਿੱਧੂ ਟਵੀਟ ਕਰ ਆਪਣੇ ਦਿਲ ਦੇ ਭਾਵ ਅਤੇ ਗੁੱਸਾ ਜ਼ਾਹਿਰ ਕਰ ਰਹੇ ਹਨ, ਜੋ ਚਰਚਾ ਦਾ ਵਿਸ਼ਾ ਹੈ। ਨਵਜੋਤ ਸਿੰਘ ਨੇ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿਣ ਵਾਲੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫ਼ਿਰ ਤੋਂ ਟਵੀਟ ਕੀਤਾ ਹੈ। ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਸਬੰਧ ’ਚ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੂੰਜੀਪਤੀਆਂ ’ਤੇ ਨਿਸ਼ਾਨਾ ਵਿੰਨ੍ਹਿਆਂ ਹੈ।
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ‘‘ ਤਿੰਨੋ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਦੇ ਖਾਤਮੇ ਅਤੇ ਭਾਰਤ ਦੀ ਭੋਜਨ ਸੁਰੱਖਿਆ ਕੁੱਝ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ 'ਚ ਦੇਣ ਦੀ ਸ਼ਾਜਿਸ ਦਾ ਹਿੱਸਾ ਹਨ। ਭਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ 'ਚ ਸ਼ਾਇਦ ਕਾਮਯਾਬ ਹੋ ਸਕਦੇ ਹਨ ... ਜਦ ਤੱਕ ਕਿ ਪੰਜਾਬ ਰਾਜ ਖੁਦ ਕਿਸਾਨਾਂ ਨੂੰ ਐੱਮ.ਐੱਸ.ਪੀ ਦੇਣੀ ਯਕੀਨੀ ਨਹੀਂ ਬਣਾਉਂਦਾ ਤੇ ਭੰਡਾਰਨ ਸਮਰੱਥਾ ਕਿਸਾਨਾਂ ਦੇ ਹੱਥਾਂ 'ਚ ਨਹੀਂ ਦਿੰਦਾ !!’