ਬਾਜਵਾ ਨੇ ਚੀਫ ਜਸਟਿਸ ਸਾਹਮਣੇ ਚੁੱਕਿਆ ਸੋਨੀਪਤ ਜੇਲ੍ਹ ’ਚ ਬੰਦ ਦਲਿਤ ਲੜਕੀ ਦਾ ਮੁੱਦਾ

Thursday, Feb 11, 2021 - 03:05 PM (IST)

ਗੁਰਦਾਸਪੁਰ (ਹਰਮਨ)- ਦਿੱਲੀ ਵਿਖੇ 23 ਸਾਲਾ ਦੀ ਦਲਿਤ ਮਜ਼ਦੂਰ ਲੜਕੀ ਨੌਦੀਪ ਕੌਰ ਨੂੰ ਹਰਿਆਣਾ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਨਾ ਕਰਨ ਅਤੇ ਉਸ ਖ਼ਿਲਾਫ਼ ਹੋ ਰਹੀ ਹਿੰਸਾ ਦੇ ਮਾਮਲੇ ਵਿਚ ਅੱਜ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਖੁਦ ਅਖਤਿਆਰੀ ਨੋਟਿਸ ਲੈ ਕੇ ਕਾਰਵਾਈ ਕਰਨ। ਇਸ ਸਬੰਧ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਚੀਫ ਜਸਟਿਸ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮਜ਼ਦੂਰ ਕਿਸਾਨਾਂ ਦੀ ਲੜਾਈ ਲੜਨ ਵਾਲੀ 23 ਸਾਲਾ ਲੜਕੀ ਨੌਦੀਪ ਕੌਰ ਨੂੰ 12 ਜਨਵਰੀ ਵਾਲੇ ਦਿਨ ਹਰਿਆਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਨੌਦੀਪ ਕੌਰ ਸ਼ਾਂਤੀਪੂਰਵਕ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੀ ਜਿਸ ਦੀ ਆਵਾਜ਼ ਨੂੰ ਦਬਾਉਣ ਅਤੇ ਹੋਰ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਦੇ ਉਦੇਸ਼ ਨਾਲ ਹਰਿਆਣਾ ਪੁਲਸ ਨੇ ਝੂਠੇ ਅਤੇ ਮਨਘੜਤ ਦੋਸ਼ਾਂ ਦੇ ਆਧਾਰ ’ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

ਬਾਜਵਾ ਨੇ ਕਿਹਾ ਕਿ ਉਕਤ ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਸਾਥੀ ਲਗਾਤਾਰ ਦੋਸ਼ ਲਗਾ ਰਹੇ ਹਨ ਕਿ ਲੜਕੀ ’ਤੇ ਹਿਰਾਸਤ ਦੌਰਾਨ ਪੁਲਸ ਵੱਲੋਂ ਅੱਤਿਆਚਾਰ ਅਤੇ ਜਿਨਸੀ ਹਿੰਸਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਇਹ ਲੜਕੀ ਸੋਨੀਪਤ ਜੇਲ ਵਿਚ ਨਜ਼ਰਬੰਦ ਹੈ ਜਿਸਨੂੰ ਉੱਥੇ ਦੀ ਸਰਕਾਰ ਦੇ ਇਸ਼ਾਰੇ ’ਤੇ ਪ੍ਰੇਸ਼ਾਨ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਤਮ ਦੀ ਗੱਲ ਹੈ ਕਿ ਲੋਕਤੰਤਰ ਪ੍ਰਣਾਲੀ ਵਾਲੇ ਇਸ ਦੇਸ਼ ਵਿਚ ਪੁਲਸ ਵੱਲੋਂ ਸਾਰੀ ਕਾਰਵਾਈ ਗੁਪਤ ਰੱਖੀ ਜਾ ਰਹੀ ਹੈ ਅਤੇ ਐੱਫ. ਆਈ. ਆਰ. ਦੀ ਕਾਪੀ ਵੀ ਵੈੱਬਸਾਈਟ ਉਪਰ ਅਪਲੋਡ ਨਹੀਂ ਕੀਤੀ ਗਈ। ਬਾਜਵਾ ਨੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਅਖਤਿਆਰੀ ਨੋਟਿਸ ਲੈਣ ਅਤੇ ਨੌਦੀਪ ਕੌਰ ਨੂੰ ਅਗਲੀ ਪੜਤਾਲ ਦੌਰਾਨ ਜਾਂ ਜਦੋਂ ਤੱਕ ਉਸ ਦੀ ਜ਼ਮਾਨਤ ਨਹੀਂ ਹੁੰਦੀ, ਉਸ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਮਾਣਯੋਗ ਹਾਈਕੋਰਟ ਨੂੰ ਉਹ ਇਹ ਵੀ ਅਪੀਲ ਕਰਦੇ ਹਨ ਕਿ ਇਸ ਕੇਸ ਦੀ ਜਾਂਚ ਦੀ ਨਿਗਰਾਨੀ ਕੀਤੀ ਜਾਵੇ ਅਤੇ ਉਸਨੂੰ ਇਨਸਾਫ ਦਵਾਇਆ ਜਾਵੇ।


Bharat Thapa

Content Editor

Related News