ਭਾਰਤ ਲਿਆਂਦਾ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਸਿੰਘਾਸਨ, MP ਰਾਘਵ ਚੱਢਾ ਨੇ ਰਾਜ ਸਭਾ ''ਚ ਚੁੱਕੀ ਮੰਗ

Wednesday, Jul 24, 2024 - 09:55 PM (IST)

ਭਾਰਤ ਲਿਆਂਦਾ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਸਿੰਘਾਸਨ, MP ਰਾਘਵ ਚੱਢਾ ਨੇ ਰਾਜ ਸਭਾ ''ਚ ਚੁੱਕੀ ਮੰਗ

ਨਵੀਂ ਦਿੱਲੀ- ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਘਵ ਚੱਢਾ ਨੇ ਬੁੱਧਵਾਰ ਨੂੰ ਸੰਸਦ 'ਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਸਿੰਘਾਸਨ ਨੂੰ ਵਾਪਸ ਭਾਰਤ ਲਿਆਉਣ ਮੰਗ ਰੱਖੀ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸ਼ਾਹੀ ਸਿੰਘਾਸਨ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ 'ਚ ਰੱਖਿਆ ਹੋਇਆ ਹੈ। ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਸਬੰਧਾਂ ਰਾਹੀਂ ਬ੍ਰਿਟਿਸ਼ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਸਿੰਘਾਸਨ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਰਾਘਵ ਚੱਢਾ ਨੇ ਰਾਜ ਸਭਾ 'ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਪੰਜਾਬ ਤੋਂ ਆਇਆ ਹਾਂ ਜਿੱਥੇ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੱਚਮੁੱਚ ਵਧੀਆ ਸ਼ਾਸਨ ਸੀ, ਜਿੱਥੇ ਸਾਰਿਆਂ ਨੂੰ ਇਨਸਾਫ਼ ਮਿਲਦਾ ਸੀ। ਉਹ ਅਜਿਹੇ ਮਹਾਨ ਯੋਧਾ ਸਨ, ਜਿਨ੍ਹਾਂ ਦੇ ਨਾਂ ਨਾਲ ਮਹਾਨ ਯੋਧਿਆਂ ਦੀਆਂ ਰੂਹਾਂ ਕੰਬਦੀਆਂ ਸਨ। 

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਮੈਦਾਨ-ਏ-ਜੰਗ 'ਚ ਸ਼ੇਰ ਵਾਂਗ ਗਰਜਦੇ ਸਨ। ਉਨ੍ਹਾਂ ਨੇ ਬਹਾਦਰੀ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਰਾਜ ਦੌਰਾਨ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਕੋਈ ਵਿਤਕਰਾ ਨਹੀਂ ਕੀਤਾ ਗਿਆ। ਬੀਬੀਸੀ ਵਿਸ਼ਵ ਇਤਿਹਾਸ ਦੇ ਇੱਕ ਸਰਵੇਖਣ ਨੇ ਮਹਾਰਾਜ ਰਣਜੀਤ ਸਿੰਘ ਨੂੰ 'ਗਰੇਟੇਅਸਟ ਲੀਡਰ ਆਫ ਆਲ ਟਾਈਮ' ਦਾ ਖ਼ਿਤਾਬ ਦਿੱਤਾ ਹੈ। ਮੈਂ ਇਸ ਸਦਨ 'ਚ ਅਜਿਹੇ ਮਹਾਤਮਾ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦੀ ਗੱਦੀ ਵਾਪਸ ਲਿਆਉਣ ਦੀ ਅਪੀਲ ਕਰਦਾ ਹਾਂ।

ਰਾਘਵ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸਭ ਨੂੰ ਪ੍ਰੇਰਨਾ ਅਤੇ ਸਿੱਖਿਆ ਮਿਲਦੀ ਹੈ। ਇਸ ਲਈ ਉਨ੍ਹਾਂ ਦਾ ਸ਼ਿੰਘਾਸਨ ਦੇਸ਼ 'ਚ ਵਾਪਸ ਆਉਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਇਸ ਨੂੰ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਦੀ ਬਹਾਦਰੀ, ਮਨੁੱਖਤਾ ਅਤੇ ਰਾਜ ਦੀ ਨੀਤੀ ਬੱਚਿਆਂ ਨੂੰ ਕਿਤਾਬਾਂ 'ਚ ਪੜ੍ਹਾਉਣੀ ਚਾਹੀਦੀ ਹੈ ਤਾਂ ਜੋ ਉਹ ਅੱਜ ਦੇ ਸਿਆਸੀ ਦੌਰ 'ਚ ਚੰਗੇ ਸ਼ਾਸਨ ਦੇ ਅਸਲ ਅਰਥ ਜਾਣ ਸਕਣ। 


author

Rakesh

Content Editor

Related News