CM ਭਗਵੰਤ ਮਾਨ ਤੋਂ ਝੋਨੇ ਦੀ ਲਵਾਈ ਨੂੰ ਲੈ ਕੇ MP ਗੁਰਜੀਤ ਔਜਲਾ ਨੇ ਕੀਤੀ ਇਹ ਮੰਗ

05/08/2022 3:21:24 PM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੱਜ ਜਾਰੀ ਪ੍ਰੈੱਸ ਨੋਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਮਾਝੇ ਖੇਤਰ ਦੇ ਕਿਸਾਨ ਭਰਾਵਾਂ ਦੀਆਂ ਮੁਸ਼ਕਿਲਾਂ ਵੱਲ ਕੇਂਦ੍ਰਿਤ ਕਰਨ ਦੀ ਮੰਗ ਕੀਤੀ ਹੈ। ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਕਿਸਾਨ ਤੇ ਕਿਸਾਨ ਮਜ਼ਦੂਰਾਂ ਪ੍ਰਤੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਨੂੰ ਸਮਝਣਾ ਬੇਹੱਦ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਝੇ ਦੇ ਇਲਾਕਿਆਂ ’ਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 24 ਜੂਨ ਨੂੰ ਤੈਅ ਕੀਤਾ ਗਿਆ ਹੈ, ਜਿਸ ਨਾਲ ਸਾਡੇ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਆਵੇਗੀ ਅਤੇ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ 24 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਤਾਂ ਇਹ ਅੱਧ ਜੁਲਾਈ ਤੱਕ ਵੀ ਮੁਕੰਮਲ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਇਲ

ਉਨ੍ਹਾਂ ਕਿਹਾ ਕਿ ਹੋਰਨਾਂ ਇਲਾਕਿਆਂ ਨਾਲੋਂ ਪੰਜਾਬ ਦੇ ਮਾਝੇ ਇਲਾਕੇ ਦੇ ਖੇਤਰ ’ਚ ਮੌਸਮ ਦੀ ਤਬਦੀਲੀ ਛੇਤੀ ਹੁੰਦੀ ਹੈ, ਜਿਥੇ ਕਿ ਠੰਡ ਹੋਰਨਾਂ ਇਲਾਕਿਆਂ ਨਾਲੋਂ ਜ਼ਿਆਦਾ ਪੈਂਦੀ ਹੈ। ਜਿਸ ਨਾਲ ਰਹਿੰਦੇ ਸਮੇਂ ਤਰੇਲ ਪੈਣ ਨਾਲ ਝੋਨੇ ਦੀ ਕਾਸ਼ਤ ਪੂਰੀ ਤਰ੍ਹਾਂ ਨਾਲ ਨਹੀਂ ਪੱਕਦੀ, ਜਿਸ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ’ਚ ਪਾਣੀ ਦੀ ਘਾਟ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਥਾਵਾਂ ’ਤੇ ਪਾਣੀ ਦਾ ਪੱਧਰ ਉੱਪਰ ਹੁੰਦਾ ਹੈ, ਇਸ ਲਈ ਇਨ੍ਹਾਂ ਇਲਾਕਿਆਂ ਵਿਚ ਝੋਨੇ ਦੀ ਲਵਾਈ ਦਾ ਸ਼ੁਰੂਆਤੀ ਸਮਾਂ 10 ਜੂਨ ਤੋਂ ਵੀ ਪਹਿਲਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਰਹਿੰਦੇ ਸਮੇਂ ਅਨੁਸਾਰ ਜ਼ਿਮੀਂਦਾਰ ਆਪਣੇ ਝੋਨੇ ਦੀ ਲਵਾਈ ਬਾਖੂਬੀ ਕਰ ਸਕਣ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬਚਪਨ ਦੀ ਤਸਵੀਰ ਸਾਂਝੀ ਕਰ ‘ਮਾਂ ਦਿਵਸ’ ਦੀ ਦਿੱਤੀ ਵਧਾਈ

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਲਵਾਈ ਦੇਰ ਨਾਲ ਸ਼ੁਰੂ ਕਰਵਾਉਂਦੀ ਹੈ ਤੇ ਇਸ ਨਾਲ ਪਰਾਲੀ ਚੰਗੀ ਤਰ੍ਹਾਂ ਨਹੀਂ ਪੱਕਦੀ ਅਤੇ ਮੌਸਮ ਦੀ ਤਬਦੀਲੀ ਕਾਰਨ ਨਮੀ ਬਹੁਤ ਜ਼ਿਆਦਾ ਰਹਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਮਜਬੂਰਨ ਖੁਰਦ-ਬੁਰਦ ਕਰਨ ਲਈ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ, ਜਿਸ ਨਾਲ ਪ੍ਰਦੂਸ਼ਣ ’ਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਝੋਨੇ ਲਈ ਜ਼ਿਆਦਾ ਸਮਾਂ ਮਿਲਦਾ ਹੈ ਤਾਂ ਇਸ ਨਾਲ ਪਰਾਲੀ ਚੰਗੀ ਤਰ੍ਹਾਂ ਪੱਕੇਗੀ ਤੇ ਕਿਸਾਨ ਸਮੇਂ ਰਹਿੰਦਿਆਂ ਹੋਰਨਾਂ ਫਸਲਾਂ ਦੀ ਬੀਜਾਈ ਕਰ ਸਕਦੇ ਹਨ। ਜਿਸ ਨਾਲ ਪਰਾਲੀ ਨੂੰ ਅੱਗ ਨਹੀਂ ਲੱਗੇਗੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਹੋਵੇਗਾ।

ਔਜਲਾ ਨੇ ਕਿਹਾ ਕਿ ਝੋਨੇ ਦੀ ਲਵਾਈ ਦਾ ਸਮਾਂ 10 ਜੂਨ ਤੋਂ ਪਹਿਲਾਂ ਦੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਜਾਂ ਤੰਗੀ ਨਾ ਆਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤੇ ਕਿਸਾਨ ਭਰਾਵਾਂ ਦੇ ਹੱਕ ਵਿਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਮਾਝੇ ਖੇਤਰ ’ਚ ਝੋਨਾ ਲਾਉਣ ਦਾ ਸਮਾਂ 10 ਜੂਨ ਸੀ ਪਰ ਫਿਰ ਵੀ 10 ਜੂਨ ਦੇ ਸਮੇਂ ਨਾਲ ਝੋਨੇ ਦੀ ਕਾਸ਼ਤ ਬਹੁਤ ਲੰਬੇ ਸਮੇਂ ਦੌਰਾਨ ਪੱਕਦੀ ਸੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਰਕਾਰ ਪਹਿਲ ਦੇ ਆਧਾਰ ’ਤੇ ਨਹਿਰਾਂ ਦੀ ਸਾਫ ਸਫਾਈ ਦਾ ਪ੍ਰਬੰਧ ਮੁਕੰਮਲ ਕਰਵਾਏ ਤੇ 1 ਜੂਨ ਤੋਂ ਹਰੇਕ ਟੇਲ ’ਤੇ ਪਾਣੀ ਦੀ ਪਹੁੰਚ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਾ ਆਵੇ ਤੇ ਸਮਾਂ ਰਹਿੰਦਿਆਂ ਕਿਸਾਨ ਝੋਨਾ ਲਾਉਣ ’ਚ ਸਮਰੱਥ ਹੋਣ।


Manoj

Content Editor

Related News