ਰੇਲ ਗੱਡੀਆਂ ਦੇ ਠਹਿਰਾਅ ਲਈ ਭਗਵੰਤ ਮਾਨ ਨੂੰ ਦਿੱਤਾ ਮੰਗ-ਪੱਤਰ
Sunday, Feb 18, 2018 - 10:41 AM (IST)

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)—ਅਗਰਵਾਲ ਸਭਾ ਨੇ ਪ੍ਰਧਾਨ ਰਵੀ ਕਮਲ ਗੋਇਲ ਦੀ ਅਗਵਾਈ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੁਨਾਮ ਫੇਰੀ ਦੌਰਾਨ ਵਿਧਾਇਕ ਅਮਨ ਅਰੋੜਾ ਦੇ ਨਿਵਾਸ ਸਥਾਨ 'ਤੇ ਸ਼ਹਿਰ 'ਚ ਰੇਲ ਗੱਡੀਆਂ ਦੇ ਠਹਿਰਾਅ ਅਤੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਰੇਲ ਗੱਡੀ ਚਲਾਉਣ ਸਬੰਧੀ ਮੰਗ-ਪੱਤਰ ਦਿੱਤਾ । ਵਰਨਣਯੋਗ ਹੈ ਕਿ ਅਗਰਵਾਲ ਸਭਾ ਦਾ ਵਫਦ ਪਿਛਲੇ ਦਿਨੀਂ ਸੰਸਦ ਵਿਚ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਂ ਦਿੱਲੀ ਵਿਚ ਭਗਵੰਤ ਮਾਨ ਨੂੰ ਮੰਗ-ਪੱਤਰ ਦੇ ਕੇ ਆਇਆ ਸੀ । ਇਸ ਮੌਕੇ ਭਗਵੰਤ ਮਾਨ ਨੇ ਸਭਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਉਹ ਜਲਦੀ ਤੋਂ ਜਲਦੀ ਰੇਲ ਮੰਤਰੀ ਦੇ ਅੱਗੇ ਰੱਖ ਕੇ ਪਹਿਲ ਦੇ ਆਧਾਰ 'ਤੇ ਰੇਲ ਗੱਡੀਆਂ ਦੇ ਠਹਿਰਾਅ ਅਤੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਗੱਡੀ ਚਲਾਉਣ ਦੀ ਕੋਸ਼ਿਸ਼ ਕਰਨਗੇ । ਇਸ ਮੌਕੇ ਰਵੀ ਕਮਲ ਗੋਇਲ ਨੇ ਸੰਸਦ ਮੈਂਬਰ ਤੋਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਆਪਣੇ ਫੰਡ 'ਚੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇਣ ਦੀ ਮੰਗ ਕੀਤੀ, ਜਿਸ 'ਤੇ ਉਨ੍ਹਾਂ ਵਿਧਾਇਕ ਅਮਨ ਅਰੋੜਾ ਨਾਲ ਗੱਲਬਾਤ ਕਰ ਕੇ ਇਸਦਾ ਵੀ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਗੱਲਬਾਤ ਕਰਦਿਆਂ ਐੱਮ. ਐੱਲ. ਏ. ਬਲਵਿੰਦਰ ਕੌਰ ਦੀ ਦੋਹਰੀ ਵੋਟ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਵੋਟਾਂ ਲੜਨ ਲਈ ਪਹਿਲਾਂ ਪ੍ਰਸ਼ਾਸਨ ਵੱਲੋਂ ਕਾਗਜ਼ ਲਏ ਜਾਂਦੇ ਹਨ । ਉਨ੍ਹਾਂ ਇਸ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਵੀ ਨਿੰਦਾ ਕੀਤੀ । ਪੰਜਾਬ ਸਰਕਾਰ ਦੀ ਕਾਰਜਸ਼ੈਲੀ 'ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਹੈ ਵੀ ਜਾਂ ਨਹੀਂ ਕਿਉਂਕਿ ਇਕ ਸਾਲ ਹੋਣ ਨੂੰ ਹੈ, ਉਨ੍ਹਾਂ ਨੂੰ ਤਾਂ ਨਜ਼ਰ ਨਹੀਂ ਆ ਰਹੀ । ਇਸ ਮੌਕੇ ਜਤਿੰਦਰ ਜੈਨ, ਗੌਰਵ ਜਨਾਲੀਆ ਆਦਿ ਹਾਜ਼ਰ ਸਨ ।